ਨਵਾਂਸਹਿਰ, 23 ਅਪ੍ਰੈਲ (ਖ਼ਬਰ ਖਾਸ ਬਿਊਰੋ)
ਨਵਾਂਸ਼ਹਿਰ-ਚੰਡੀਗੜ ਕੌਮੀ ਮਾਰਗ ਤੇ ਪਿੰਡ ਟੌਂਸਾ-ਆਾਸਰੋਂ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਜਖ਼ਮੀ ਹੋ ਗਏ। ਜਿਨਾਂ ਨੂੰ ਇਲਾਜ ਲਈ ਮੋਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਅੰਗਦ ਸੈਣੀ ਚੰਡੀਗੜ ਜਾ ਰਹੇ ਸਨ ਕਿ ਉਨਾਂ ਦੀ ਕਾਰ ਅੱਗੇ ਇਕ ਆਵਾਰਾ ਪਸ਼ੂ ਆ ਗਿਆ । ਡਰਾਈਵਰ ਨੇ ਪਸ਼ੂ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਗ੍ੱਡੀ ਸੜਕ ਕਿਨਾਰੇ ਖੜੀ ਐਂਬੂਲੈਂਸ ਨਾਲ ਟਕਰਾਅ ਗਈ। ਸਾਬਕਾ ਵਿਧਾਇਕ , ਕਾਰ ਚਾਲਕ, ਗੰਨਮੈਨ ਤੇ ਜਲੰਧਰ ਕਾਰਪੋਰੇਸ਼ਨ ਦੇ ਅਫ਼ਸਰ ਗੌਤਮ ਜੈਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਅਤੇ ਜਦ ਉਨ੍ਹਾਂ ਦੀ ਫਾਰਚੂਨਰ ਕਾਰ ਨੰਬਰ ਪੀਬੀ 65 ਬੀਡੀ 0425 ਪਿੰਡ ਆਸਰੋਂ ਨਜ਼ਦੀਕ ਪੁੱਜੀ ਤਾਂ ਅਚਾਨਕ ਸੜਕ ਵਿਚਕਾਰ ਇੱਕ ਅਵਾਰਾ ਪਸ਼ੂ ਆ ਗਿਆ। ਜਿਸ ਨੂੰ ਬਚਾਉਂਦਿਆਂ ਕਾਰ ਚਾਲਕ ਪੁਲਿਸ ਮੁਲਾਜ਼ਮ ਗੰਨਮੈਨ ਨੇ ਸੜਕ ਕਿਨਾਰੇ ਖੜੀ ਨੈਸ਼ਨਲ ਹਾਈਵੇ ਅਥਾਰਿਟੀ ਦੀ ਇਕ ਐਂਬੂਲੈਂਸ ਨੰਬਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਸਾਬਕਾ ਵਿਧਾਇਕ ਅੰਗਦ ਸਿੰਘ ਦੀ ਕਾਰ ਨੂੰ ਦੂਜੀ ਕਾਰ ਪੀਬੀ 08 ਈਵਾਈ 0562 ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਜਖ਼ਮੀ ਸਾਬਕਾ ਵਿਧਾਇਕ ਅੰਗਦ ਸਿੰਘ ਨੂੰ ਇਲਾਜ਼ ਲਈ ਮੈਕਸ ਹਸਪਤਾਲ ਮੋਹਾਲੀ ਦਾਖਲ ਕਰਵਾਇਆ ਗਿਆ ਹੈ। ਟੱਕਰ ਐਨੀ ਜਬਰਦਸਤ ਸੀ ਕਿ ਵਿਧਾਇਕ ਦੀ ਗੱਡੀ ਦੇ ਪਰਖਚੇ ਉਡ ਗਏ।