ਕਿਸਾਨਾਂ ਨਾਲ ਵਿਤਕਰਾ ਕਰਨ ’ਤੇ ਅਕਾਲੀ ਦਲ ਨੇ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ

ਚੰਡੀਗੜ੍ਹ, 5 ਨਵੰਬਰ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬੇ ਭਰ ਵਿਚ ਵਿਧਾਨ ਸਭਾ ਹਲਕਾ ਪੱਧਰ ’ਤੇ ਵਿਸ਼ਾਲ ਧਰਨੇ ਦੇ ਕੇ ਕਿਸਾਨ ਅੰਦੋਲਨ ਵਿਚ ਭਾਗ ਲੈਣ ਕਰ ਕੇ ਕਿਸਾਨਾਂ ਤੋਂ ਬਦਲਾ ਲੈਣ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਨੀਤੀ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ।

ਇਹਨਾਂ ਧਰਨਾਂ ਨੂੰ ਕਿਸਾਨਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਤੇ ਅਕਾਲੀ ਦਲ ਦੇ ਵਰਕਰਾਂ ਨੇ ਕਿਸਾਨਾ ਦੀ ਝੋਨੇ ਦੀ ਫਸਲ ਦੀ ਸਮੇਂ ਸਿਰ ਖਰੀਦ ਵਿਚ ਅਸਫਲ ਰਹਿਣ ਤੇ ਐਮ ਐਸ ਪੀ ਤੋਂ ਘੱਟ ਭਾਅ ’ਤੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਮਜਬੂਰ ਕਰਨ ਅਤੇ ਕਣਕ ਦੇ ਆਉਂਦੇ ਸੀਜ਼ਨ ਲਈ ਲੋੜੀਂਦੀ ਡੀ ਏ ਪੀ ਸਪਲਾਈ ਨਾ ਕਰਨ ’ਤੇ ਦੋਵਾਂ ਸਰਕਾਰ ਦਾ ਜ਼ੋਰਦਾਰ ਨਿਖੇਧੀ ਕੀਤੀ।

ਧਰਨਿਆਂ ਮਗਰੋਂ ਡਿਪਟੀ ਕਮਿਸ਼ਨਰਾਂ ਤੇ ਐਸ ਡੀ ਐਮਜ਼ ਨੂੰ ਮੰਗ ਪੱਤਰ ਦਿੱਤੇ ਗਏ। ਮੰਗ ਪੱਤਰਾਂ ਵਿਚ ਝੋਨੇ ਦੀ ਸੁਚੱਜੀ ਖਰੀਦ ਦੇ ਪ੍ਰਬੰਧ ਕਰਨ ਵਿਚ ਨਾਕਾਮ ਰਹਿਣ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਪਾਰਟੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿਚੋਂ ਪਿਛਲੇ ਸਾਲ ਦੇ ਪਏ ਝੋਨੇ ਦੇ ਭੰਡਾਰ ਚੁੱਕ ਦੇ ਨਵੇਂ ਸੀਜ਼ਨ ਦੀ ਫਸਲ ਦੀ ਸਟੋਰੇਜ ਲਈ ਥਾਂ ਬਣਾਉਣ ਵਾਸਤੇ ਸਮੇਂ ਸਿਰ ਕੇਂਦਰ ਸਰਕਾਰ ਨਾਲ ਤਾਲਮੇਲ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀ ਆਰ 126  ਕਿਸਮ ਦਾ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਤਾਂ ਕੀਤਾ ਪਰ ਕਿਸਾਨਾਂ ਨੂੰ ਮਿਆਰੀ ਬੀਜ਼ ਸਪਲਾਈ ਕਰਨ ਵਾਸਤੇ ਕੋਈ ਯਤਨ ਨਹੀਂ ਕੀਤਾ ਜਿਸ ਕਾਰਣ ਸ਼ਰਾਰਤੀ ਅਨਸਰਾਂ ਨੇ ਨਕਲੀ ਬੀਜ ਮਾਰਕੀਟ ਵਿਚ ਸਪਲਾਈ ਕਰ ਦਿੱਤਾ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਮੰਗ ਪੱਤਰ ਵਿਚ ਆਪ ਨੇ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਰਲ ਕੇ ਕਿਸਾਨਾਂ ਦੀ ਫਸਲ ’ਤੇ ਕੱਟ ਲਗਾਉਣ ਦੇ ਕੰਮ ਦੀ ਵੀ ਨਿਖੇਧੀ ਕੀਤੀ ਤੇ ਦੱਸਿਆ ਕਿ 2320 ਰੁਪਏ ਦੀ ਐਮ ਐਸ ਪੀ ਦੀ ਥਾਂ ’ਤੇ ਕਿਸਾਨਾਂ ਨੂੰ 2100 ਤੋਂ 2200 ਰੁਪਏ ਪ੍ਰਤੀ ਕੁਇੰਟਲ ਜਿਣਸ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਧਰਨਿਆਂ ਵਿਚ ਸ਼ਮੂਲੀਅਤ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਮੰਡੀਆਂ ਵਿਚ ਲੱਖਾਂ ਮੀਟਰਿਕ ਟਨ ਝੋਨਾ ਪਿਆ ਹੈ ਤੇ ਜੇਕਰ ਮੀਂਹ ਪੈ ਗਿਆ ਤਾਂ ਇਸਦਾ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਕਈ-ਕਈ ਦਿਨਾਂ ਤੱਕ ਮੰਡੀਆਂ ਵਿਚ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਐਮ ਐਸ ਪੀ ਤੋਂ ਘੱਟ ਰੇਟ ’ਤੇ ਆਪਣੀ ਜਿਣਸ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕਣਕ ਦੀ ਆਉਂਦੀ ਫਸਲ ਲਈ ਹਾਲਾਤ ਹੋਰ ਖ਼ਤਰੇ ਵਾਲੇ ਬਣ ਸਕਦੇ ਹਨ ਤੇ ਸੂਬੇ ਵਿਚ ਕਣਕ ਦੀ ਬਿਜਾਈ ਪਛੜ ਸਕਦੀ ਹੈ ਤੇ ਕਣਕ ਦੇ ਝਾੜ ’ਤੇ ਅਸਰ ਪੈ ਸਕਦਾ ਹੈ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਅਕਾਲੀ ਦਲ ਨੇ ਮੰਗ ਪੱਤਰ ਵਿਚ ਕਿਹਾ ਕਿ ਕਾਲੀ ਦੀਵਾਲੀ ਮਨਾਉਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੇ ਮਨਾਂ ਵਿਚ ਡਰ ਬੈਠ ਗਿਆ ਹੈ ਕਿ ਉਹਨਾਂ ਨੂੰ ਕਣਕ ਦੀ ਫਸਲ ਵਾਸਤੇ ਲੋੜੀਂਦੀ ਡੀ ਏ ਪੀ ਨਹੀਂ ਮਿਲੇਗੀ। ਪਾਰਟੀ ਨੇ ਕਿਹਾ ਕਿ ਆਪ ਸਰਕਾਰ ਇਸ ਮਾਮਲੇ ਵਿਚ ਵੀ ਲੋੜੀਂਦੇ ਪ੍ਰਬੰਧ ਕਰਨ ਵਿਚ ਨਾਕਾਮ ਸਾਬਤ ਹੋਈ ਹੈ। ਇਸ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਅਕਾਲੀ ਦਲ ਦੀ ਸਰਕਾਰ ਹਮੇਸ਼ਾ ਸਮੇਂ ਸਿਰ ਡੀ ਏ ਪੀ ਖਾਦ ਪੰਜਾਬ ਪੁੱਜਣ ਦਾ ਪ੍ਰਬੰਧ ਕਰਦੀ ਸੀ ਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਸਪਲਾਈ ਸੂਬੇ ਵਿਚ ਆ ਜਾਂਦੀ ਸੀ। ਹੁਣ ਕਣਕ ਦੀ ਬਿਜਾਈ ਸ਼ੁਰੂ ਹੋ ਰਹੀ ਹੈ ਤੇ ਕਿਸਾਨਾਂ ਨੂੰ ਡੀ ਏ ਪੀ ਦੀ ਘਾਟ ਦਰਪੇਸ਼ ਹੈ ਅਤੇ ਉਹ ਸਹਿਕਾਰੀ ਸਭਾਵਾਂ ਦੇ ਬਾਹਰ ਲਾਈਨਾਂ ਲਗਾ ਕੇ ਖੜ੍ਹੇ ਹਨ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਅਕਾਲੀ ਦਲ ਨੇ ਆਪ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਝੋਨੇ ਦੀ ਐਮ ਐਸ ਪੀ ਅਨੁਸਾਰ ਸੁਚੱਜੀ ਖਰੀਦ ਯਕੀਨੀ ਨਾ ਬਣਾਈ ਗਈ ਅਤੇ ਮੰਡੀਆਂ ਵਿਚ ਇਸਦੀ ਲਿਫਟਿੰਗ ਨਾ ਹੋਈ ਤੇ ਕਿਸਾਨਾਂ ਨੂੰ ਲੋੜ ਮੁਤਾਬਕ ਡੀ ਏ ਪੀ ਖਾਦ ਨਾ ਮਿਲੀ ਤਾਂ ਅਕਾਲੀ ਦਲ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ।

Leave a Reply

Your email address will not be published. Required fields are marked *