ਚੰਡੀਗੜ੍ਹ, 5 ਨਵੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਇਸਦੇ ਸੂਚਨਾ ਤਕਨਾਲੋਜੀ ਵਿੰਗ (ਆਈ ਟੀ ਵਿੰਗ) ਦੇ ਮੁਖੀ ਨਛੱਤਰ ਸਿੰਘ ਗਿੱਲ ਦੇ ਖਿਲਾਫ ਇਰਾਦਾ ਕਤਲ ਦਾ ਝੂਠਾ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਪਾਰਟੀ ਨੇ ਕੇਸ ਤੁਰੰਤ ਵਾਪਸ ਲਏ ਜਾਣ ਅਤੇ ਕੇਸ ਵਿਚ ਅਸਲ ਪੀੜਤ ਅਕਾਲੀ ਵਰਕਰਾਂ ਲਈ ਇਨਸਾਫ ਯਕੀਨੀ ਬਣਾਉਣ ਦੀ ਮੰਗ ਕੀਤੀ।
ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਛੱਤਰ ਸਿੰਘ ਗਿੱਲ ਗੋਇੰਦਵਾਲ ਸਾਹਿਬ ਪੁਲਿਸ ਥਾਣੇ ਤਹਿਤ ਪੈਂਦੇ ਪਿੰਡ ਫੈਲੋਕੇ ਸਬੰਧੀ ਕੇਸ ਵਿਚ ਨਾਮਜ਼ਦ ਕੀਤਾ ਹੈ ਜਦੋਂ ਕਿ ਅਸਲੀਅਤ ਵਿਚ ਉਹ ਮੌਕੇ ’ਤੇ ਹਾਜ਼ਰ ਵੀ ਨਹੀਂ ਸਨ ਜਦੋਂ ਅਕਾਲੀ ਵਰਕਰਾਂ ਨਾਲ ਆਪ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਹਨਾਂ ਕਿਹਾ ਕਿ ਇਹ ਘਟਨਾ ਹਾਲ ਹੀ ਵਿਚ ਪੰਚਾਇਤ ਚੋਣਾਂ ਵੇਲੇ ਵਾਪਰੀ ਜਦੋਂ ਦੋ ਅਕਾਲੀ ਵਰਕਰਾਂ ਗੁਰਪਿੰਦਰ ਤੇ ਹਰਪਾਲ ਨੂੰ ਬਾਹਾਂ ’ਤੇ ਗੰਭੀਰ ਸੱਟਾਂ ਵੱਜੀਆਂ। ਉਹਨਾਂ ਕਿਹਾ ਕਿ ਬਜਾਏ ਆਪ ਵਰਕਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਗੋਇੰਦਵਾਲ ਪੁਲਿਸ ਨੇ ਅਕਾਲੀ ਵਰਕਰਾਂ ਨੂੰ ਲੱਗੀਆਂ ਸੱਟਾਂ ਦੇ ਮਾਮਲੇ ਵਿਚ ਸਰਕਾਰੀ ਹਸਪਤਾਲ ਦੀ ਐਮ ਐਲ ਆਰ ਮੰਨਣ ਤੋਂ ਨਾਂਹ ਕਰ ਦਿੱਤੀ ਤੇ ਉਲਟਾ ਨਛੱਤਰ ਗਿੱਲ ਨੂੰ ਵੀ ਝੂਠੇ ਕੇਸ ਵਿਚ ਫਸਾ ਦਿੱਤਾ।
ਵੇਰਵੇ ਸਾਂਝੇ ਕਰਦਿਆਂ ਐਡਵੋਕੇਟ ਕਲੇਰ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਵਿਖੇ ਦਰਜ ਝੂਠੀ ਐਫ ਆਈ ਆਰ ਵਿਚ ਦਾਅਵਾ ਕੀਤਾ ਗਿਆ ਕਿ ਨਛੱਤਰ ਗਿੱਲ ਨੇ ਦੋ ਆਪ ਵਰਕਰਾਂ ’ਤੇ ਫਾਇਰਿੰਗ ਕੀਤੀ ਤੇ ਆਪਣੀ ਸਕਾਰਪੀਓ ਗੱਡੀ ਵਿਚ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਇਹ ਵੀ ਦਾਅਵਾ ਕੀਤਾ ਗਿਆ ਕਿ ਆਪ ਵਰਕਰਾਂ ’ਤੇ ਦੋ ਗੋਲੀਆਂ ਚਲਾਈਆਂ ਗਈਆਂ ਜੋ ਉਹਨਾਂ ਦੇ ਮੋਟਰ ਸਾਈਕਲ ਵਿਚ ਵੱਜੀਆਂ ਜਦੋਂ ਅਸਲੀਅਤ ਇਹ ਹੈ ਕਿ ਆਪ ਵਰਕਰ ਕਾਰ ਵਿਚ ਸਵਾਰ ਸਨ। ਉਹਨਾਂ ਦੱਸਿਆ ਕਿ ਇਸ ਗੱਲ ਦੀ ਸੀ ਸੀ ਟੀ ਵੀ ਫੁਟੇਜ ਵੀ ਮੌਜੂਦ ਹੈ ਜਿਸ ਵਿਚ ਸਾਫ ਨਜ਼ਰ ਆਉਂਦਾ ਹੈ ਕਿ ਜਿਸ ਵੇਲੇ ਦੀ ਘਟਨਾ ਦੱਸੀ ਜਾ ਰਹੀ ਹੈ, ਉਸ ਵੇਲੇ ਸਕਾਰਪੀਓ ਗੱਡੀ ਉਹਨਾਂ ਦੇ ਘਰ ਵਿਚ ਖੜ੍ਹੀ ਵਿਖਾਈ ਦਿੰਦੀ ਹੈ।
ਐਡਵੋਕੇਟ ਕਲੇਰ ਨੇ ਦੱਸਿਆ ਕਿ ਆਪ ਸਰਕਾਰ ਜਾਣ ਬੁੱਝ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੀ। ਉਹਨਾਂ ਦੱਸਿਆ ਕਿ ਸਰਦਾਰ ਨਛੱਤਰ ਗਿੱਲ ਨੂੰ ਇਸ ਕਰ ਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਅਕਾਲੀ ਦਲ ਦੇ ਆਈ ਟੀ ਵਿੰਗ ਦੇ ਮੁਖੀ ਹਨ ਅਤੇ ਉਹਨਾਂ ਨੇ ਆਪਣੇ ਪਿੰਡ ਫੈਲੋਕੇ ਸਮੇਤ ਪੰਚਾਇਤ ਚੋਣਾਂ ਵਿਚ ਆਪ ਸਰਕਾਰ ਵੱਲੋਂ ਕੀਤੀਆਂ ਵਧੀਕੀਆਂ ਨੂੰ ਜੱਗ ਜ਼ਾਹਰ ਕੀਤਾ ਹੈ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਮਹਿਸੂਸ ਕਰ ਰਹੀ ਹੈ ਕਿ ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਉਹਨਾਂ ਦੀ ਅਸਫਲਤਾ ਤੇ ਉਹਨਾਂ ਵੱਲੋਂ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਅਸਫਲਤਾ ਤੋਂ ਇਲਾਵਾ ਦਿੱਲੀ ਦੇ ਵਿਧਾਇਕ ਅਰਵਿੰਦ ਕੇਜਰੀਵਾਲ ਅੱਗੇ ਸੱਤਾ ਸਮਰਪਣ ਕਰਨ ਨੂੰ ਬੇਨਕਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਸਿੰਘ ਦੇ ਹਾਲ ਹੀ ਵਿਚ ਭ੍ਰਿਸ਼ਟਾਚਾਰ ਦੇ ਕੇਸ ਵਿਚ ਫਸਣ ਤੋਂ ਬਾਅਦ ਉਹਨਾਂ ਨੂੰ ਬੇਨਕਾਬ ਕੀਤਾ ਤਾਂ ਹੁਣ ਜਾਣ ਬੁੱਝ ਕੇ ਸਰਦਾਰ ਗਿੱਲ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ।
ਬੁਲਾਰੇ ਨੇ ਹੋਰ ਕਿਹਾ ਕਿ ਸੂਬਾ ਪੁਲਿਸ ਇਸੇ ਕੇਸ ਵਿਚ ਅਕਾਲੀ ਦਲ ਦੇ ਯੂਥ ਵਰਕਰਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ।ਉਹਨਾਂ ਕਿਹਾ ਕਿ ਯੂਥ ਵਰਕਰਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਬਿਨਾਂ ਕਾਰਣ ਦੋ ਵਰਕਰਾਂ ਦੇ ਵਾਹਨ ਜ਼ਬਤ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਪਾਰਟੀ ਨਿਆਂ ਲੈਣ ਲਈ ਅਦਾਲਤ ਵਿਚ ਜਾਵੇਗੀ ਤੇ ਉਹਨਾਂ ਨੂੰ ਤੁਰੰਤ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ।