ਪਟਿਆਲਾ, 4 ਨਵੰਬਰ (ਖ਼ਬਰ ਖਾਸ ਬਿਊਰੋ)
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ੁਰੂਆਤ ਅੱਜ ਪਟਿਆਲਾ ਵਿਖੇ ਹੋਵੇਗੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਭਾਸ਼ਾ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਸ਼ਾਮਲ ਹੋਣਗੇ। ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਕਰਨਗੇ|
ਇਹ ਸਮਾਗਮ ਭਾਸ਼ਾ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਹੋਵੇਗਾ। ਇਸ ਮੌਕੇ ਪੰਜਾਬੀ ਭਾਸ਼ਾ ਦੇ 2022,23 ਤੇ 24 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਵੀ ਦਿੱਤੇ ਜਾਣਗੇ ਅਤੇ ਇਸ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਹੋਣਗੀਆਂ।
ਭਾਸ਼ਾ ਮਾਹ ਦੌਰਾਨ ਰਾਜ ਭਰ ’ਚ ਪੰਜਾਬੀ ਭਾਸ਼ਾ ਬਾਰੇ ਗੋਸ਼ਟੀਆਂ, ਰੂਬੁਰੂ, ਸੈਮੀਨਾਰ, ਕਵੀ ਦਰਬਾਰ, ਨਾਟਕ, ਲੋਕ ਨਾਚ ਤੇ ਸੰਗੀਤਕ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ।ਸਮੁੱਚੇ ਸਮਾਗਮਾਂ ਦੌਰਾਨ ਵਿਭਾਗੀ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।
ਸਾਲ 2021 ਲਈ ਐਲਾਨੇ ਗਏ ਪੁਰਸਕਾਰਾਂ ਵਿੱਚ ਬਲਦੇਵ ਸਿੰਘ ਨੂੰ ਸੂਰਜ ਕਦੇ ਨਹੀਂ ਮਰਦਾ ਲਈ ਨਾਨਕ ਸਿੰਘ ਪੁਰਸਕਾਰ (ਨਾਵਲ) ਦਿੱਤਾ ਜਾਵੇਗਾ । ਇਸੇ ਤਰ੍ਹਾਂ ਸਾਲ 2022 ਲਈ ਐਲਾਨੇ ਗਏ ਪੁਰਸਕਾਰਾਂ ਵਿੱਚ ਵਿਜੇ ਵਿਵੇਕ ਨੂੰ ਛਿਣਭੰਗਰ ਵੀ ਕਾਲਾਤੀਤ ਵੀ ਲਈ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ), ਵਿਦਵਾਨ ਸਿੰਘ ਸੋਨੀ ਨੂੰ ਦਿਲਚਸਪ ਕਹਾਣੀ ਧਰਤੀ –ਅੰਬਰ ਦੀ ਲਈ ਡਾ. ਐਮ.ਐਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਡਾ. ਮਨਜੀਤ ਕੌਰ ਆਜ਼ਾਦ ਨੂੰ ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸਭਿਆਚਾਰ ਲਈ ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ), ਕੇਵਲ ਧਾਲੀਵਾਲ ਨੂੰ ਗੜ੍ਹੀ ਚਮਕੌਰ ਦੀ ਲਈ ਈਸ਼ਵਰ ਚੰਦਰ ਨੰਦਾ ਪੁਰਸਕਾਰ(ਨਾਟਕ /ਇਕਾਂਗੀ), ਜਗਤਾਰਜੀਤ ਸਿੰਘ ਨੂੰ ਚਿੱਤਰਕਾਰੀ ਵਿੱਚ ਗੁਰੂ ਨਾਨਕ ਲਈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ /ਸਫ਼ਰਨਾਮਾ), ਨਵਦੀਪ ਸਿੰਘ ਗਿੱਲ ਨੂੰ ਉੱਡਣਾ ਬਾਜ਼ (ਓਲੰਪੀਅਨ ਗੁਰਬਚਨ ਸਿੰਘ ਰੰਧਾਵਾ) ਲਈ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ /ਟੀਕਾਕਾਰੀ/ਕੋਸ਼ਕਾਰੀ), ਡਾ.ਜੇ.ਬੀ. ਸੇਖੋਂ ਨੂੰ ਚੌਥਾ ਪਹਿਰ ਲਈ ਪ੍ਰਿੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ), ਅਰਵਿੰਦਰ ਕੌਰ ਧਾਲੀਵਾਲ ਨੂੰ ਝਾਂਜਰਾਂ ਵਾਲੇ ਪੈਰ ਲਈ ਪ੍ਰਿੰ.ਸੁਜਾਨ ਸਿੰਘ ਪੁਰਸਕਾਰ (ਕਹਾਣੀ ਸੰਗ੍ਰਹਿ), ਭਜਨਵੀਰ ਸਿੰਘ ਨੂੰ ਮੋਇਆਂ ਦੇ ਰਾਹ ਲਈ ਪ੍ਰੋ.ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ), ਸੁਦਰਸ਼ਨ ਗਾਸੋ(ਡਾ.) ਨੂੰ ਕਿੰਨਾਂ ਸੋਹਣਾ ਅੰਬਰ ਲਗਦੈ ਲਈ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ(ਬਾਲ ਸਾਹਿਤ) ਦਿੱਤਾ ਜਾਵੇਗਾ।