ਚੰਡੀਗੜ੍ਹ 4 ਨਵੰਬਰ (ਖ਼ਬਰ ਖਾਸ ਬਿਊਰੋ)
ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ.) ਦੇ ਪ੍ਰਧਾਨ ਸ੍ਰੀ ਨਿਵਾਸ ਰੈਡੀ ਤੇ ਜਨਰਲ ਸਕੱਤਰ ਬਲਵਿੰਦਰ ਜੰਮੂ ਨੇ ਉੱਤਰ ਪ੍ਰਦੇਸ਼ ਵਿੱਚ ਇੱਕ ਪੱਤਰਕਾਰ ਦੇ ਕਤਲ ਅਤੇ ਦੂਜੇ ਦੀ ਬੇਰਹਿਮੀ ਨਾਲ ਮਾਰਕੁੱਟ ਕਰਨ ਦੀ ਨਿੰਦਾ ਕਰਦੇ ਹੋਏ ਸਰਕਾਰ ਤੋਂ ਪੱਤਰਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਉਤਰ ਪ੍ਰਦੇਸ਼ ਦੇ ਫਤਿਹਪੁਰ ਤੋਂ ਏਸ਼ੀਆ ਨਿਊਜ਼ ਇੰਟਰਨੈਸ਼ਨਲ (ਏਐਨਆਈ) ਲਈ ਕੰਮ ਕਰ ਰਹੇ ਪੱਤਰਕਾਰ ਦਿਲੀਪ ਸੈਣੀ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹਮੀਰਪੁਰ ਦੇ ਇੱਕ ਸਥਾਨਕ ਪੱਤਰਕਾਰ ਅਮਿਤ ਦਿਵੇਦੀ ਨਾਲ ਸਥਾਨਕ ਭਾਜਪਾ ਆਗੂ ਵੱਲੋਂ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਹੈ।
ਰੈਡੀ ਅਤੇ ਜੰਮੂ ਨੇ ਇਸ ਕਤਲ ਦੀ ਨਿੰਦਾ ਕਰਦੇ ਹੋਏ ਕਤਲ ਲਈ ਜ਼ਿੰਮੇਵਾਰ ਲੋਕਾਂ ਅਤੇ ਅਸਲ ਹਮਲਾਵਰਾਂ ਨੂੰ ਫੜਨ ਲਈ ਯੂਪੀ ਪੁਲੀਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਗੱਲ ਦੀ ਨਿਖੇਧੀ ਕੀਤੀ ਕਿ ਹਮੀਰਪੁਰ ਪੁਲੀਸ ਨੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੀੜਤ ਖ਼ਿਲਾਫ਼ ਹੀ ਪੁਲੀਸ ਕੇਸ ਦਰਜ ਕਰ ਦਿੱਤਾ ਹੈ।
ਆਈ.ਜੇ.ਯੂ ਦੇ ਆਗੂਆਂ ਨੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਵਿਰੁੱਧ ਹਮਲਿਆਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਇਹ ਕਾਨੂੰਨ ਬਨਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕੇਂਦਰ ਸਰਕਾਰ ਕਾਨੂੰਨ ਬਨਾਉਣ ਤੋਂ ਲਗਾਤਾਰ ਪਾਸਾ ਵੱਟ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਦਿਲੀਪ ਸੈਣੀ ਦੇ ਕਤਲ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।