ਅੰਮ੍ਰਿਤਸਰ ਸਾਹਿਬ, 1 ਨਵੰਬਰ (ਖ਼ਬਰ ਖਾਸ ਬਿਊਰੋ)
ਬੰਦੀ ਛੋੜ ਤੇ ਦੀਵਾਲੀ ਮੌਕੇ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਡੂੰਘੀ ਚਿੰਤਾਂ ਪ੍ਰਗਟ ਕੀਤੀ ਹੈ। ਹਰੇਕ ਸਾਲ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਸੰਦੇਸ਼ ਦਿੰਦੇ ਹਨ, ਪਰ ਇਸ ਵਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਲਈ ਚਿੰਤਾਜ਼ਨਕ ਸੰਦੇਸ਼ ਦਿੰਦਿਆ ਕਿਹਾ ਕਿ ਸਿੱਖ ਕੌਮ ਨੂੰ ਨਤੀਜ਼ੇ ਭੁਗਤਣੇ ਪੈਣਗੇ।
ਜਥੇਦਾਰ ਸਾਹਿਬ ਨੇ ਨੌਜਵਾਨ ਪੀੜ੍ਹੀ ਦੇ ਹਿਜ਼ਰਤ ਕਰਨ ਉਤੇ ਚਿੰਤਾ ਕਰਦਿਆਂ ਕਿਹਾ ਕਿ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਨਸ਼ੇ ਅਤੇ ਬੇਰੁੱਜਗਾਰੀ ਇਕ ਵੱਡੀ ਸਮੱਸਿਆ ਹੈ, ਜਿਸ ਕਰਕੇ ਨੌਜਵਾਨਾਂ ਨੇ ਹਿਜ਼ਰਤ ਕੀਤੀ ਹੈ, ਪਰ ਇਸ ਨਾਲ ਪੰਜਾਬ ਦੀ ਭੂਗੋਲਿਕ ਸਥਿਤੀ ਵਿਗੜ ਰਹੀ ਹੈ। ਪਹਿਲਾਂ ਹੀ ਘੱਟ ਗਿਣਤੀ ਵਿਚ ਸਿੱਖਾਂ ਦੀ ਗਿਣਤੀ ਪੰਜਾਬ ਵਿਚ ਹੋਰ ਘੱਟ ਰਹੀ ਹੈ। ਦੂਜੇ ਸੂਬਿਆਂ ਦੇ ਲੋਕਾਂ ਦੀ ਗਿਣਤੀ ਪੰਜਾਬ ਵਿਚ ਲਗਾਤਾਰ ਵੱਧ ਰਹੀ ਹੈ। ਇਸਦੇ ਸਿੱਖ ਕੌਮ ਨੂੰ ਖਤਰਨਾਕ ਨਤੀਜ਼ੇ ਭੁਗਤਣੇ ਪੈਣਗੇ।
ਜਥੇਦਾਰ ਸਾਹਿਬ ਨੇ ਹਾਸ਼ੀਏ ਤੇ ਪੁੱਜੀ ਪੰਥਕ ਸਿਆਸਤ ਉਤੇ ਵੀ ਚਿੰਤਾਂ ਪ੍ਰਗਟ ਕੀਤੀ ਹੈ। ਜਥੇਦਾਰ ਸਾਹਿਬ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਪੰਥਕ ਸਿਆਸਤ ਵਿਚ ਵੱਡੀ ਗਿਰਾਵਟ ਆਈ ਹੈ। ਸਿੱਖ ਤੇ ਪੰਥਕ ਸਿਆਸਤ ਕਰਨ ਦੀ ਬਜਾਏ ਨਿੱਜੀ ਸਿਆਸਤ ਕੀਤੀ ਜਾ ਰਹੀ ਹੈ। ਆਪਣੀ ਧੜੇਬੰਦੀ, ਖਿੱਚੋਤਾਣ ਕਾਰਨ ਪੰਥਕ ਸਿਆਸਤ ਕਰਨ ਦੀ ਬਜਾਏ ਸਿੱਖ ਸਿਆਸਤਦਾਨਾਂ ਨੂੰ ਆਪਣੇ ਨਿੱਜ ਹਿੱਤ ਪਿਆਰੇ ਹੋ ਗਏ ਹਨ। ਉਨਾਂ ਸਿੱਖ ਆਗੂਆਂ ਨੂੰ ਆਤਮ ਚਿੰਤਨ ਕਰਨ ਦੀ ਨਸੀਹਤ ਦਿੱਤੀ। ਜਥੇਦਾਰ ਸਾਹਿਬ ਨੇ ਸਿੱਖ ਦੇ ਧਾਰਮਿਕ ਮਾਮਲਿਆਂ ਵਿਚ ਵੱਧ ਰਹੀ ਸਰਕਾਰੀ ਦਖਲ ਅੰਦਾਜ਼ੀ ਉਤੇ ਵੀ ਚਿੰਤਾਂ ਪ੍ਰਗਟ ਕੀਤੀ। ਉਨਾਂ ਕਿਹਾ ਕਿ ਧਾਰਮਿਕ ਮਾਮਲਿਆਂ ਵਿਚ ਵੱਧ ਰਹੀ ਦਖਲ ਅੰਦਾਜ਼ੀ ਨੂੰ ਰੋਕਣ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁਟ ਹੋਣ ਦੀ ਜਰੂਰਤ ਹੈ। ਜਥੇਦਾਰ ਸਾਹਿਬ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਾ ਮਿਲਣ ਉਤੇ ਵੀ ਚਿੰਤਾਂ ਪ੍ਰਗਟ ਕੀਤੀ। ਉਨਾਂ ਨੇ ਆਪਣੇ ਸੰਦੇਸ਼ ਵਿਚ ਕੁਦਰਤੀ ਸੋਮਿਆ ਦੀ ਦੁਰਵਰਤੋ ਕਰਨ ਉਤੇ ਵੀ ਚਿੰਤਾਂ ਪ੍ਰਗਟ ਕੀਤੀ ਹੈ।
ਜਥੇਦਾਰ ਸਾਹਿਬ ਨੇ ਆਪਣੇ ਸੰਦੇਸ਼ ਵਿਚ ਪੰਥਕ ਸਿਆਸਤ ਨੂੰ ਮੁੜ ਸੁਰਜੀਤ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ।
ਵਰਨਣਯੋਗ ਹੈ ਕਿ ਜਥੇਦਾਰ ਸਾਹਿਬ ਦਾ ਨੌਜਵਾਨਾਂ ਦੇ ਵਿਦੇਸ਼ ਵਿਚ ਹਿਜ਼ਰਤ ਕਰਨ ਅਤੇ ਸੂਬੇ ਦੀ ਵਿਗੜ ਰਹੀ ਭੂਗੋਲਿਕ ਸਥਿਤੀ ਬਾਰੇ ਸੰਦੇਸ਼ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਹਾਲ ਵਿਚ ਹੋਈਆ ਪੰਚਾਇਤ ਚੋਣਾਂ ਵਿਚ ਕਈ ਪਿੰਡਾਂ ਵਿਚ ਦੂਜੇ ਸੂਬਿਆਂ ਦੇ ਵਸਨੀਕ ਇੱਥੇ ਪੰਚ-ਸਰਪੰਚ ਚੁਣੇ ਗਏ ਹਨ। ਇਹਨਾਂ ਲੋਕਾਂ ਦੀਆਂ ਵੋਟਾਂ ਨੂੰ ਲੈ ਕੇ ਮੀਡੀਆ, ਸੋਸ਼ਲ ਮੀਡੀਆ ਵਿਚ ਬਹੁਤ ਰੌਲਾ ਵੀ ਪਿਆ।
ਦੂਜੇ ਪਾਸੇ ਜਦੋਂ ਵਿਦੇਸ਼ ਦੀ ਧਰਤੀ ਉਤੇ ਜਾ ਕੇ ਪੰਜਾਬੀਆਂ ਵਲੋਂ ਵੱਖ- ਵੱਖ ਚੋਣਾਂ ਜਿੱਤੀਆਂ ਜਾਂਦੀਆ ਹਨ ਤਾਂ ਪੰਜਾਬੀ ਖੁਸ਼ ਹੁੰਦੇ ਹਨ, ਪਰ ਆਪਣੇ ਹੀ ਦੇਸ਼ ਦੇ ਲੋਕਾਂ ਵਲੋਂ ਦੂਜੇ ਸੂਬੇ ਵਿਚ ਕਿਸੇ ਸੰਸਥਾਂ ਦੇ ਮੈਂਬਰ ਚੁਣੇ ਜਾਣ ਉਤੇ ਇਤਰਾਜ਼ ਕਿਉਂ । ਇਹ ਵੀ ਸੋਚ ਵਿਚਾਰ ਕਰਨ ਦਾ ਵਿਸ਼ਾ ਹੈ।