ਚੰਡੀਗੜ੍ਹ 1 ਨਵੰਬਰ (ਖ਼ਬਰ ਖਾਸ ਬਿਊਰੋ)
ਕਹਿਣੀ ਤੇ ਕਥਨੀ ਵਿਚ ਬਹੁਤ ਫ਼ਰਕ ਹੁੰਦਾ ਹੈ। ਪ੍ਰਦੂਸ਼ਣ ਘਟਾਉਣ ਲਈ ਸਰਕਾਰ ਸਮੇਤ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਹੋਕਾ ਦਿੰਦੀਆਂ ਹਨ, ਪਰ ਅਮਲੀ ਰੂਪ ਵਿਚ ਕੰਮ ਘੱਟ ਹੁੰਦਾ ਹੈ। ਦੀਵਾਲੀ ਮੌਕੇ ਖਰੜ ਅਤੇ ਮੋਰਿੰਡਾ ਤੋਂ ਦੋ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਹਨ।
ਜਦੋਂ ਖਰੜ ਅਤੇ ਮੋਰਿੰਡਾ ਦੇ ਨੇੜੇ ਵਸੇ ਸ਼ਹਿਰ ਕੁਰਾਲੀ ਵਿਖੇ ਆਤਿਸ਼ਬਾਜ਼ੀ ਦੀਆਂ ਵੱਡੀਆਂ ਸਟਾਲਾਂ ਲੱਗੀਆਂ ਹੋਈਆ ਨੇ ਅਤੇ ਦੂਰ ਦਰਾਜ਼ ਲੋਕ ਆਤਿਸ਼ਬਾਜੀ ਖਰੀਦਣ ਭਾਵ ਪਟਾਕੇ ਪਾਉਣ ਲਈ ਵਹੀਰਾ ਘੱਤ ਕੁਰਾਲੀ ਨੂੰ ਆਉਂਦੇ ਹਨ ਤਾਂ ਉਦੋ ਨੌਜਵਾਨ ਸਾਹਿਤ ਸਭਾ ਦਾ ਆਗੂ,ਸਾਹਿਤਕਾਰ ਤੇ ਮਾਸਟਰ ਰਾਬਿੰਦਰ ਸਿੰਘ ਰੱਬੀ ਸ਼ਿਵਨੰਦਾ ਸਕੂਲ ਮੋਰਿੰਡਾ ਨੇੜੇ ਕਿਤਾਬਾਂ ਦੀ ਸਟਾਲ ਲਾ ਕੇ ‘ਪਟਾਕੇ ਨਹੀਂ ਕਿਤਾਬਾ’ ਦਾ ਹੋਕਾ ਦਿੰਦਾ ਹੈ।
ਇਸੀ ਤਰਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਖਰੜ ਇਕਾਈ ਦਾ ਕਾਰਕੁੰਨ ‘ਕਿਤਾਬਾਂ ਖਰੀਦੋ ਪਟਾਕੇ ਨਹੀਂ ‘ ਦਾ ਹੋਕਾ ਦਿੰਦੇ ਹਨ। ਤਰਕਸ਼ੀਲ ਸੁਸਾਇਟੀ ਵਲੋਂ ਲਗਾਈ ਗਈ ਕਿਤਾਬਾਂ ਦੀ ਸਟਾਲ ਤੇ ਲਿਖਿਆ ਹੈ ਕਿ ਦੀਵਾਲੀ ਰੋਸ਼ਨੀਆਂ ਦਾ ਤਿਓਹਾਰ ਹੈ-ਰੋਸ਼ਨੀ ਕਿਤਾਬਾਂ ਤੋਂ ਮਿਲਦੀ ਹੈ। ਸੁਸਾਇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਮਾਜ ਨੂੰ ਨਰੋਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਕਿਤਾਬਾਂ ਖਰੀਦੋ ਪਟਾਕੇ ਨਹੀਂ। ਰੱਬੀ ਅਤੇ ਤਰਕਸ਼ੀਲ ਸੁਸਾਇਟੀ ਦੇ ਇਸ ਉਦਮ ਦੀ ਚੁਫੇਰਿਓ ਪ੍ਰਸੰਸ਼ਾ ਹੋ ਰਹੀ ਹੈ। ਕਾਸ਼ ! ਸਾਡੇ ਰਾਜਸੀ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਕਹਿਣੀ ਤੇ ਕਥਨੀ ਤੇ ਖਰੇ ਉਤਰਨ ਅਤੇ ਲੋਕ ਵਾਤਾਵਰਣ ਨੂੰ ਸ਼ੁਧ ਰੱਖਣ ਲਈ ਆਤਿਸ਼ਬਾਜ਼ੀ ਤੋਂ ਖਹਿੜਾ ਛਡਾਉਣ।
ਬਹੁਤ ਖੂਬ