ਜੰਡਿਆਲਾ ਗੁਰੂ, 24 ਅਕਤੂਬਰ (ਖ਼ਬਰ ਖਾਸ ਬਿਊਰੋ)
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਜੱਬੋਵਾਲ ਵਿੱਚ ਬਲਾਕ ਆਗੂ ਸਤਨਾਮ ਸਿੰਘ ਧਾਰੜ ਦੀ ਅਗਵਾਈ ਹੇਠ, ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਨਵੀਂ ਕਮੇਟੀ ਦਾ ਗਠਨ ਕੀਤਾ। ਕਿਸਾਨ ਆਗੂ ਹਰਮੀਤ ਸਿੰਘ ਧੀਰੇਕੋਟ ਨੇ ਕਿਹਾ ਕਿ ਜਥੇਬੰਦੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਪਿੰਡ ਵਾਸੀ ਵੱਡੇ ਪੱਧਰ ’ਤੇ ਜਥੇਬੰਦੀ ਵਿੱਚ ਸ਼ਾਮਲ ਹੋਏ ਤੇ ਵਿਸ਼ਵਾਸ ਦਿਵਾਇਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਡੱਟ ਕੇ ਸੰਘਰਸ਼ ਕਰਨਗੇ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਡੇ ਪੱਧਰ ‘ਤੇ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਆ ਰਹੀ ਹੈ, ਚਾਹੇ ਪੰਜਾਬ ਦੀ ਮਾਨ ਸਰਕਾਰ ਹੋਵੇ ਜਾਂ ਕੇਂਦਰ ਦੀ ਮੋਦੀ ਸਰਕਾਰ। ਸਰਕਾਰਾਂ ਵੱਲੋਂ ਆਮ ਲੋਕਾਂ ਲਈ ਕੀਤੀਆਂ ਵਧੀਕੀਆਂ ਅਤੇ ਧੱਕੇਸ਼ਾਹੀ ਵਿਰੁੱਧ ਜੱਥੇਬੰਦੀ ਅਵਾਜ਼ ਬੁਲੰਦ ਕਰਦੀ ਰਹੇਗੀ ਤੇ ਜਿਹੜਾ ਸੰਘਰਸ਼ ਖਨੌਰੀ ਅਤੇ ਸ਼ੰਬੂ ਬਾਰਡਰ ’ਤੇ ਕੀਤਾ ਜਾ ਰਿਹਾ ਹੈ ਉਸ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਪਿੰਡ ਜੱਬੋਵਾਲ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਇਕਬਾਲ ਸਿੰਘ, ਸਕੱਤਰ ਸਤਨਾਮ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਖਜ਼ਾਨਚੀ ਅੰਮ੍ਰਿਤਪਾਲ ਸਿੰਘ, ਸਹਾਇਕ ਸਕੱਤਰ ਆਸਾ ਸਿੰਘ, ਸਹਾਇਕ ਖਜ਼ਾਨਚੀ ਸੁਖਦੇਵ ਸਿੰਘ, ਪ੍ਰੈਸ ਸਕੱਤਰ ਸੁਖਜਿੰਦਰ ਸਿੰਘ, ਸੁੱਚਾ ਸਿੰਘ ਨੂੰ ਆਈਟੀ ਸੈੱਲ ਮੁਖੀ ਬਣਾਇਆ ਗਿਆ।