ਮੁੰਬਈ/ਨਾਗਪੁਰ, 24 ਅਕਤੂਬਰ (ਖ਼ਬਰ ਖਾਸ ਬਿਊਰੋ)
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਹਾਯੁਤੀ ਨੇ 288 ਵਿਧਾਨ ਸਭਾ ਸੀਟਾਂ ਵਿੱਚੋਂ 278 ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਹੋਣੀਆਂ ਹਨ। ਸ੍ਰੀ ਫੜਨਵੀਸ ਨੇ ਨਾਗਪੁਰ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਮੀਟਿੰਗ ਵਿਚ ਸਹਿਮਤੀ ਬਣੀ ਤੇ ਬਾਕੀ ਰਹਿੰਦੀਆਂ ਦਸ ਸੀਟਾਂ ਬਾਰੇ ਵੀ ਜਲਦੀ ਹੀ ਫੈਸਲਾ ਕਰ ਲਿਆ ਜਾਵੇਗਾ।
ਮਹਾਯੁਤੀ ਵਿੱਚ ਭਾਜਪਾ, ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਾਮਲ ਹੈ। ਹੁਣ ਤੱਕ ਭਾਜਪਾ ਨੇ 99, ਸ਼ਿਵ ਸੈਨਾ ਨੇ 40 ਅਤੇ ਐਨਸੀਪੀ ਨੇ 38 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ।