ਗਾਜ਼ੀਪੁਰ ਲੈਂਡਫਿਲ ਨੂੰ ਅੱਗ ਲੱਗਣ ਮਗਰੋਂ ਸਿਆਸਤ ਭਖੀ

ਨਵੀਂ ਦਿੱਲੀ, 23 ਅਪ੍ਰੈਲ (ਖਬਰ ਖਾਸ ਬਿਊਰੋ)

ਪੂਰਬੀ ਦਿੱਲੀ ਵਿੱਚ ਕੌਮੀ ਰਾਜਧਾਨੀ ਵਿੱਚ ਕੂੜੇ ਦੇ ਪਹਾੜ ਨੂੰ ਬੀਤੇ ਦਿਨ ਅੱਗ ਲੱਗਣ ਮਗਰੋਂ ਇੱਥੋਂ ਦੀ ਸਿਆਸਤ ਗਰਮਾ ਗਈ ਹੈ। ਭਾਜਪਾ ਵੱਲੋਂ ਇਸ ਅੱਗ ਲਈ ਦਿੱਲੀ ਨਗਰ ਨਿਗਮ ਦੀ ਸੱਤਾਧਾਰੀ ‘ਆਪ’ ਨੂੰ ਨਿਸ਼ਾਨੇ ਉਪਰ ਲਿਆ ਗਿਆ ਹੈ। ਉਧਰ, ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਇਸ ਪੂਰੇ ਅੱਗ ਕਾਂਡ ਦੀ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਤਿਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨ ਡਿਪਟੀ ਮੇਅਰ ਮੁਹੰਮਦ ਇਕਬਾਲ ਨੇ ਗਾਜ਼ੀਪੁਰ ਕੂੜਾਘਰ ਦਾ ਦੌਰਾ ਕੀਤਾ ਸੀ ਤੇ ਅੱਜ ਦਿੱਲੀ ਦੀ ਮੇਅਰ ਸ਼ੈਲੀ ਉਬਰਾਏ ਵੱਲੋਂ ਹਾਲਾਤ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਐੱਮਸੀਡੀ ਤੇ ਦਿੱਲੀ ਸਰਕਾਰ ਇਸ ਅੱਗ ਲੱਗਣ ਦੀ ਜਾਂਚ ਕਰਨਗੀਆਂ। ਉਨ੍ਹਾਂ ਦੱਸਿਆ ਕਿ ਦਿੱਲੀ ਫਾਇਰ ਸਰਵਿਸ ਵੱਲੋਂ ਰਾਤ ਭਰ ਜੱਦੋਜਹਿਦ ਕਰਕੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦਿੱਲੀ ਭਾਜਪਾ ’ਤੇ ਦੋਸ਼ ਲਾਇਆ ਕਿ ਭਾਜਪਾ ਨੇ ਐੱਮਸੀਡੀ ਦੇ ਆਪਣੇ ਕਾਰਜਕਾਲ ਦੌਰਾਨ ਦਿੱਲੀ ਵਿੱਚ ਇਹ ਕੂੜਾਘਰ ਬਣਾਏ ਸਨ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਉਧਰ, ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਗ ਇਸ ਕੂੜੇ ਵਿੱਚੋਂ ਨਿਕਲਦੀਆਂ ਗੈਸਾਂ ਕਾਰਨ ਲੱਗੀ ਹੈ। ਅੱਗ ਲੱਗਣ ਕਾਰਨ ਨੇੜੇ ਦੇ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਦਾ ਸਾਹ ਲੈਣਾ ਦੁੱਭਰ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਦਿੱਲੀ ਦੇ ਤਿੰਨ ਕੂੜਾ ਸਥਾਨਾਂ ਭਲਸਵਾ, ਗਾਜ਼ੀਪੁਰ ਤੇ ਓਖਲਾ ਵਿੱਚ ਤੇਜ਼ ਗਰਮੀਆਂ ਦੇ ਦਿਨਾਂ ਦੌਰਾਨ ਆਮ ਹੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜੋ ਇਨ੍ਹਾਂ ਢੇਰਾਂ ਤੋਂ ਨਿਕਲਦੀ ਗੈਸ ਕਾਰਨ ਹੁੰਦਾ ਹੈ। ਇਸੇ ਦੌਰਾਨ ਦਿੱਲੀ ਭਾਜਪਾ ਦੇ ਵਫ਼ਦ ਵੱਲੋਂ ਗਾਜ਼ੀਪੁਰ ਕੂੜਾ ਘਰ ਦਾ ਦੌਰਾ ਕਰਕੇ ਹਾਲਤ ਦੇਖੇ ਗਏ। ਸੂਬਾ ਪ੍ਰਧਾਨ ਵਰਿੰਦਰ ਸੱਚਦੇਵਾ ਅੱਜ ਸਵੇਰੇ ਗਾਜ਼ੀਪੁਰ ਲੈਂਡਫਿਲ ਸਾਈਟ ’ਤੇ ਪਹੁੰਚੇ ਜਿੱਥੇ ਕੱਲ੍ਹ ਸ਼ਾਮ ਤੋਂ ਅੱਗ ਲੱਗੀ ਸੀ। ਮਯੂਰ ਵਿਹਾਰ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਜੇਂਦਰ ਧਾਮਾ, ਕੌਂਸਲਰ ਸੰਜੀਵ ਸਿੰਘ ਵੀ ਗਾਜ਼ੀਪੁਰ ਲੈਂਡਫਿਲ ਸਾਈਟ ’ਤੇ ਪੁੱਜੇ ਅਤੇ ਸਾਈਟ ਦੇ ਪਿੱਛੇ ਲੱਗੀ ਅੱਗ ਦਾ ਮੁੱਦਾ ਉਠਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਚਦੇਵਾ ਨੇ ਕਿਹਾ ਕਿ 2017 ਤੋਂ ਲੈ ਕੇ 2022 ਤੱਕ ਦਿੱਲੀ ਦੇ ਲੋਕਾਂ ਨੇ ਲਗਾਤਾਰ ਅਰਵਿੰਦ ਕੇਜਰੀਵਾਲ ਸਰਕਾਰ ਤੇ ਪਾਰਟੀ ਨੂੰ ਗਾਜ਼ੀਪੁਰ ਲੈਂਡਫਿਲ ਸਾਈਟ ’ਤੇ ਬੋਲਦਿਆਂ ਦੇਖਿਆ ਅਤੇ ਸੁਣਿਆ। ਇਕ ਵਾਰ ਮੁੱਖ ਮੰਤਰੀ ਨੇ ਲਾਲ ਕਾਰਪੇਟ ਵਿਛਾ ਕੇ ਲੈਂਡਫਿਲ ਸਾਈਟ ਦਾ ਮੁਆਇਨਾ ਵੀ ਕੀਤਾ ਸੀ ਤੇ ਐਲਾਨ ਕੀਤਾ ਸੀ, ‘ਦਿੱਲੀ ਦੇ ਲੋਕ ਸਾਨੂੰ ਦਿੱਲੀ ਨਿਗਮ ਦੀ ਸ਼ਕਤੀ ਦੇ ਦੇਣ ਸਾਡੀ ਯੋਜਨਾ ਹੈ, ਅਸੀਂ ਨਾ ਸਿਰਫ ਗਾਜ਼ੀਪੁਰ ਲੈਂਡਫਿਲ ਬਲਕਿ ਭਲਸਵਾ ਅਤੇ ਓਖਲਾ ਦੀਆਂ ਬਾਕੀ ਲੈਂਡਫਿਲ ਸਾਈਟਾਂ ਨੂੰ ਵੀ 31 ਦਸੰਬਰ 2023 ਤੱਕ ਸਾਫ ਕਰਾਂਗੇ।’ ਉਨ੍ਹਾਂ ਕਿਹਾ ਕਿ ਹੁਣ ‘ਆਪ’ ਨੂੰ ਆਪਣੇ ਬਿਆਨਾਂ ’ਤੇ ਖਰਾ ਉਤਰਨਾ ਚਾਹੀਦਾ ਹੈ।ਵਾਤਾਵਰਨ ਮੰਤਰੀ ਨੇ ਵਿਭਾਗ ਤੋਂ ਮੰਗੀ ਰਿਪੋਰਟ

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਗਾਜ਼ੀਪੁਰ ਲੈਂਡਫਿਲ ਅੱਗ ’ਤੇ 48 ਘੰਟਿਆਂ ਦੇ ਅੰਦਰ ਵਿਸਤ੍ਰਿਤ ਰਿਪੋਰਟ ਮੰਗੀ ਹੈ। ਉਨ੍ਹਾਂ ਅਥਾਰਿਟੀ ਨੂੰ ਅੱਗ ਲੱਗਣ ਦੇ ਕਾਰਨਾਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਚੁੱਕੇ ਗਏ ਫੌਰੀ ਕਦਮਾਂ ਦੀ ਰਿਪੋਰਟ ਦੇਣ ਲਈ ਆਖਿਆ। ਇਸ ਦੌਰਾਨ ਉਨ੍ਹਾਂ ਵਿਭਾਗ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਰਿਪੋਰਟ ਕਰਨ ਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯੋਜਨਾ ਦੀ ਕਾਰਵਾਈ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

Leave a Reply

Your email address will not be published. Required fields are marked *