ਪਾਇਲ, 25 ਅਕਤੂਬਰ (ਖ਼ਬਰ ਖਾਸ ਬਿਊਰੋ)
ਪਿੰਡ ਭੁੱਟੇ ਦੇ ਦੋ ਨੌਜਵਾਨਾਂ ਦਾ ਭੇਤਭਰੀ ਹਾਲਤ ਵਿਚ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ ਦਾ ਸੁੰਨਾ ਨਹਿਰੀ ਪੁਲ ਪਿੰਡ ਝੱਮਟ ਕੋਲ ਡਿੱਗਣ ਦਾ ਪਤਾ ਲੱਗਿਆ ਹੈ। ਮਨਜੀਤ ਸਿੰਘ ਵਾਸੀ ਭੁੱਟਾ ਨੇ ਦੱਸਿਆ ਕਿ ਉਨ੍ਹਾਂ ਦਾ 25 ਸਾਲਾ ਲੜਕਾ ਨਰਿੰਦਰ ਸਿੰਘ ਘਰੋਂ ਵਾਲ ਕਟਵਾਉਣ ਲਈ ਆਪਣੇ ਦੋਸਤ ਜਗਜੀਤ ਸਿੰਘ ਅਤੇ ਬਲਰਾਜ ਸਿੰਘ ਨਾਲ ਗਿਆ ਸੀ।
ਉਨ੍ਹਾਂ ਨੂੰ ਬਲਰਾਜ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਉਹ ਤਿੰਨੋਂ ਜਣੇ ਪਿੰਡ ਝੱਮਟ ਕੋਲ ਗਏ ਸਨ ਕਿ ਹਾਦਸਾ ਵਾਪਰ ਗਿਆ, ਇਸ ਦੌਰਾਨ ਉਹ ਨਹਿਰ ਵਿਚ ਡਿੱਗ ਗਏ, ਉਹ ਖੁਦ ਪਾਣੀ ਵਿੱਚੋਂ ਬਾਹਰ ਆ ਗਿਆ ਜਦੋਂਕਿ ਨਰਿੰਦਰ ਸਿੰਘ ਅਤੇ ਜਗਜੀਤ ਸਿੰਘ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਏ ਹਨ। ਇਸ ਤੋਂ ਬਾਅਦ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ’ਤੇ ਪਹੁੰਚੇ। ਜਿੱਥੇ ਦਿਨ ਚੜ੍ਹਦਿਆਂ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਦੁਪਹਿਰ ਸਮੇਂ ਉਨ੍ਹਾਂ ਦੇ ਪੁੱਤਰ ਨਰਿੰਦਰ ਸਿੰਘ ਦੀ ਲਾਸ਼ ਮਿਲ ਗਈ ਜਦੋਂ ਕਿ ਤੀਜੇ ਲੜਕੇ ਦੀ ਭਾਲ ਅਜੇ ਜਾਰੀ ਹੈ।
ਨਰਿੰਦਰ ਸਿੰਘ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਖੰਨਾ ਭੇਜ ਦਿੱਤੀ ਤੇ ਥਾਣਾ ਮਲੌਦ ਅਧੀਨ ਪੈਂਦੀ ਪੁਲੀਸ ਚੌਕੀ ਸਿਆੜ ਦੇ ਇੰਚਾਰਜ ਸੁਖਦੀਪ ਸਿੰਘ ਗਿੱਲ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਿਆੜ ਪੁਲੀਸ ਨੇ ਬਲਰਾਜ ਸਿੰਘ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰਾਂ ਮੁਤਾਬਿਕ ਇਹ ਨੌਜਵਾਨ ਨਹਿਰ ਵਿੱਚ ਡਿੱਗੇ ਨਹੀਂ ਬਲਕਿ ਉਨ੍ਹਾਂ ਦਾ ਕਤਲ ਕਰ ਕੇ ਸੁੱਟਿਆ ਗਿਆ ਹੈ।