ਬੰਗਲੁਰੂ, 24 ਅਕਤੂਬਰ (ਖ਼ਬਰ ਖਾਸ ਬਿਊਰੋ)
ਇੱਥੇ ਇਮਾਰਤ ਡਿੱਗਣ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ ਸੀ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਹਰੇਕ ਪੀੜਤ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਹਾਦਸੇ ਵਿਚ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸੂਬੇ ਸਰਕਾਰ ਚੁੱਕੇਗੀ। ਇਸ ਖੇਤਰ ਵਿਚ ਭਾਰੀ ਮੀਂਹ ਤੇ ਬਦਤਰ ਹਾਲਾਤ ਕਾਰਨ ਸੂਬਾ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਮੀਂਹ ਨਾਲ ਸਭ ਤੋਂ ਵੱਧ ਪ੍ਰਭਾਵਤ ਖੇਤਰ ਯੇਲਾਹੰਕਾ ਰਿਹਾ ਜਿੱਥੇ ਇੱਕ ਦਿਨ ਵਿੱਚ 170 ਮਿਲੀਮੀਟਰ ਮੀਂਹ ਪਿਆ। 125 ਸਾਲਾਂ ਵਿੱਚ ਇਸ ਖੇਤਰ ਵਿੱਚ ਪਹਿਲੀ ਵਾਰ ਇੰਨਾ ਮੀਂਹ ਪਿਆ ਹੈ ਪਰ ਉਨ੍ਹਾਂ ਦੀ ਸਰਕਾਰ ਰਿਕਾਰਡ ਮੀਂਹ ਦਾ ਹਵਾਲਾ ਦੇ ਕੇ ਆਪਣੀ ਜ਼ਿੰਮੇਵਾਰੀ ਨਹੀਂ ਛੱਡ ਰਹੀ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਮਾਰਤ ਮੀਂਹ ਨਾਲ ਨਹੀਂ ਡਿੱਗੀ ਬਲਕਿ ਘਟੀਆ ਨਿਰਮਾਣ ਸਮੱਗਰੀ ਵਰਤਣ ਕਾਰਨ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਮਾਰਤ ਬਿਨਾਂ ਕਿਸੇ ਲਾਇਸੈਂਸ ਤੇ ਨੇਮਾਂ ਦੀ ਉਲੰਘਣਾ ਕਰ ਕੇ ਉਸਾਰੀ ਗਈ ਸੀ। ਸ੍ਰੀ ਸਿੱਧਰਮਈਆ ਨੇ ਕਿਹਾ ਕਿ ਇਸ ਹਾਦਸੇ ਵਿਚੋਂ ਅੱਠ ਲੋਕਾਂ ਨੂੰ ਬਚਾਇਆ ਗਿਆ ਹੈ। ਛੇ ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ ਪਰ ਸਾਰੇ ਖ਼ਤਰੇ ਤੋਂ ਬਾਹਰ ਹਨ।