ਵਿਨੀਪੈਗ, 24 ਅਕਤੂਬਰ (ਖ਼ਬਰ ਖਾਸ ਬਿਊਰੋ)
Field Hockey: ਭਾਰਤ ਲਈ ਓਲੰਪਿਕ ਖੇਡਣ ਵਾਲੇ ਉੱਘੇ ਹਾਕੀ ਖਿਡਾਰੀ ਸੰਜੀਵ ਕੁਮਾਰ (Olympian Sanjeev Kumar), ਕੌਮੀ ਹਾਕੀ ਖਿਡਾਰੀ ਧਰਮਪਾਲ ਸਿੰਘ, ਕੁਲਜੀਤ ਸਿੰਘ ਰੰਧਾਵਾ ਇਨ੍ਹੀਂ ਦਿਨੀਂ ਕੈਨੇਡਾ ਦੇ ਦੌਰੇ ‘ਤੇ ਹਨ। ਇੱਥੇ ਉਹ ਪੰਜਾਬੀ ਮੂਲ ਦੇ ਭਾਈਚਾਰੇ ਦੇ ਨਾਲ-ਨਾਲ ਹਾਕੀ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ। ਓਲੰਪੀਅਨ ਸੰਜੀਵ ਕੁਮਾਰ, ਕੌਮੀ ਹਾਕੀ ਖਿਡਾਰੀ ਧਰਮਪਾਲ ਸਿੰਘ, ਕੁਲਜੀਤ ਸਿੰਘ ਰੰਧਾਵਾ ਨੂੰ ਭਾਰਤੀ ਹਾਕੀ ਵਿੱਚ ਪਾਏ ਯੋਗਦਾਨ ਲਈ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਸ਼ਹਿਰ ਵਿਨੀਪੈਗ ਵਿਚ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਹਾਕੀ ਨੂੰ ਪ੍ਰਫੁੱਲਿਤ ਕਰਨ, ਕੈਨੇਡਾ ਦੇ ਪੰਜਾਬੀ ਗਰੁੱਪ ਵਿੱਚ ਨਵੇਂ ਖਿਡਾਰੀਆਂ ਨੂੰ ਹਾਕੀ ਸਿਖਾਉਣ ਤੋਂ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਇਸ ਅਕੈਡਮੀ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਹ ਅਕੈਡਮੀ ਵਿਨੀਪੈਗ, ਮੈਨੀਟੋਬਾ ਵਿੱਚ ਚੱਲ ਰਹੀ ਹੈ। ਸਾਲ 2012 ਤੋਂ ਸੁਰਿੰਦਰ ਸਿੱਧੂ, ਸ਼ਮਸ਼ੇਰ ਸਿੱਧੂ ਅਤੇ ਸੁਖਮਿੰਦਰ ਸਿੰਘ ਵੱਲੋਂ ਜੂਨੀਅਰ ਵਿਕਾਸ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਹਾਕੀ ਅਕੈਡਮੀ ਹਾਕੀ ਖਿਡਾਰੀਆਂ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀ ਹੈ ਅਤੇ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਹਾਕੀ ਦੀਆਂ ਬਾਰੀਕੀਆਂ ਸਿਖਾ ਕੇ ਉਨ੍ਹਾਂ ਨੂੰ ਤਿਆਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਵੱਡੀ ਗਿਣਤੀ ਸਕੂਲਾਂ ਦੇ ਖਿਡਾਰੀ ਅਭਿਆਸ ਕਰ ਰਹੇ ਹਨ।
ਇਸ ਮੌਕੇ ਅਕੈਡਮੀ ਦੇ ਮੁਖੀ ਅਮਰਦੀਪ ਸਿੰਘ ਸੋਨੀ ਨੇ ਕਿਹਾ ਕਿ ਅਕੈਡਮੀ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਲਈ ਓਲੰਪਿਕ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਓਲੰਪੀਅਨ ਸੰਜੀਵ ਕੁਮਾਰ ਅੱਜ ਵੀ ਹਾਕੀ ਦੀ ਤਰੱਕੀ ਲਈ ਕੰਮ ਕਰ ਰਹੇ ਹਨ| ਪੰਜਾਬ, ਹਾਕੀ ਪੰਜਾਬ, ਬਲਵੰਤ ਸਿੰਘ ਕਪੂਰ ਅਤੇ ਮਹਿੰਦਰ ਮੁਨਸ਼ੀ ਸੁਸਾਇਟੀ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਸ ਮੌਕੇ ਸ਼ਮਸ਼ੇਰ ਸਿੰਘ ਸਿੱਧੂ, ਪਰਮਜੀਤ ਸਿੰਘ ਧਾਲੀਵਾਲ, ਕਰਮਬੀਰ ਸਿੰਘ, ਦਵਿੰਦਰ ਸਿੰਘ, ਅਮਨਦੀਪ ਸਿੰਘ, ਸੁਖਮਿੰਦਰ ਸਿੰਘ, ਸੁਰਿੰਦਰ ਸਿੰਘ ਮਾਵੀ, ਹਰਮਨਪ੍ਰੀਤ ਸਿੰਘ ਮਾਹਲ, ਸੁਖਮਿੰਦਰ ਸਿੰਘ, ਗੁਰਕੰਵਲ ਸਿੰਘ ਚਾਨੀਆ, ਸੁਖਨਦੀਪ ਸਿੰਘ ਢੰਡੀ ਆਦਿ ਹਾਜ਼ਰ ਸਨ। ਵਰਨਣਯੋਗ ਹੈ ਕਿ ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ਵਿਚ ਪੰਜਾਬੀ ਮੂਲ ਦੇ ਲੋਕ ਵੱਡੇ ਪੱਧਰ ’ਤੇ ਹਾਕੀ ’ਚ ਕੰਮ ਕਰ ਰਹੇ ਹਨ।