ਵਾਸ਼ਿੰਗਟਨ, 23 ਅਕਤੂਬਰ (ਖ਼ਬਰ ਖਾਸ ਬਿਊਰੋ)
Pannun murder-for-hire plot: ਅਮਰੀਕਾ ਨੇ ਕਿਹਾ ਹੈ ਕਿ ਇਸ ਦੀ ਪੂਰੀ ਤਰ੍ਹਾਂ ਤਸੱਲੀ ਉਦੋਂ ਹੀ ਹੋਵੇਗੀ ਜਦੋਂ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ (Sikh separatist Gurpatwant Singh Pannun) ਨੂੰ ਅਮਰੀਕੀ ਸਰਜ਼ਮੀਨ ਉਤੇ ਕਤਲ ਕਰਨ ਦੀ ਨਾਕਾਮ ਸਾਜ਼ਿਸ਼ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਸਿੱਟੇ ਵਜੋਂ ਕੋਈ ‘ਸਾਰਥਕ ਜਵਾਬਦੇਹੀ’ ਨਿਕਲ ਕੇ ਆਵੇਗੀ।
ਗ਼ੌਰਤਲਬ ਹੈ ਕਿ ਭਾਰਤ ਸਰਕਾਰ ਪਹਿਲਾਂ ਹੀ ਅਮਰੀਕੀ ਸਰਜ਼ਮੀਨ ਉਤੇ ਅਮਰੀਕੀ ਨਾਗਰਿਕ ਨੂੰ ਕਤਲ ਕਰਨ ਦੀ ਕਿਸੇ ਸਾਜ਼ਿਸ਼ ਵਿਚ ਕਿਸੇ ਸ਼ਮੂਲੀਅਤ ਜਾਂ ਇਸ ਨਾਲ ਕੋਈ ਸਬੰਧ ਹੋਣ ਤੋਂ ਨਾਂਹ ਕਰ ਚੁੱਕੀ ਹੈ। ਅਮਰੀਕਾ ਵੱਲੋਂ ਲਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਭਾਰਤ ਨੇ ਮਾਮਲੇ ਦੀ ਤਫ਼ਤੀਸ਼ ਲਈ ਇਕ ਜਾਂਚ ਕਮੇਟੀ ਕਾਇਮ ਕੀਤੀ ਸੀ।
ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ (Deputy Spokesperson Vedant Patel) ਨੇ ਇਸ ਸਬੰਧੀ ਪੱਤਰਕਾਰਾਂ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ, ‘‘ਅਸੀਂ (ਭਾਰਤੀ) ਜਾਂਚ ਦੇ ਸਿੱਟਿਆਂ ਉਤੇ ਆਧਾਰਤ ਜਵਾਬਦੇਹੀ ਦੀ ਉਮੀਦ ਕਰਦੇ ਹਾਂ ਤੇ ਅਜਿਹਾ ਹੁੰਦਾ ਦੇਖਣਾ ਚਾਹੁੰਦੇ ਹਾਂ ਅਤੇ ਯਕੀਨਨ ਅਮਰੀਕਾ ਦੀ ਉਦੋਂ ਤੱਕ ਪੂਰੀ ਤਸੱਲੀ ਨਹੀਂ ਹੋਵੇਗੀ, ਜਦੋਂ ਤੱਕ ਤਫ਼ਤੀਸ਼ ਦੇ ਸਿੱਟੇ ਵਜੋਂ ਸਾਰਥਕ ਜਵਾਬਦੇਹੀ ਸਾਹਮਣੇ ਨਹੀਂ ਆਉਂਦੀ।’’ ਉਹ ਬੀਤੇ ਹਫ਼ਤੇ ਭਾਰਤੀ ਜਾਂਚ ਕਮੇਟੀ (Indian Enquiry Committee) ਵੱਲੋਂ ਗੱਲਬਾਤ ਲਈ ਅਮਰੀਕਾ ਦੇ ਕੀਤੇ ਗਏ ਦੌਰੇ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਉਨ੍ਹਾਂ ਇਸ ਸਬੰਧੀ ਇਹ ਕਹਿੰਦਿਆਂ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਕਿ ‘ਮਾਮਲਾ ਹਾਲੇ ਜਾਂਚ ਅਧੀਨ’ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਉਮੀਦ ਕਰਦਾ ਹੈ ਕਿ ਭਾਰਤੀ ਜਾਂਚ ਕਮੇਟੀ ਤਫ਼ਤੀਸ਼ ਜਾਰੀ ਰੱਖੇਗੀ ਅਤੇ ‘ਅਸੀਂ ਉਮੀਦ ਕਰਦੇ ਹਾਂ ਕਿ ਬੀਤੇ ਹਫ਼ਤੇ ਹੋਈ ਗੱਲਬਾਤ ਦੇ ਆਧਾਰ ਉਤੇ ਅਗਲੇਰੇ ਕਦਮ ਚੁੱਕੇ ਜਾਣਗੇ’।
ਬੀਤੇ ਹਫ਼ਤੇ ਅਮਰੀਕੀ ਅਧਿਕਾਰੀਆਂ ਨੇ ਸਾਬਕਾ ਭਾਰਤੀ ਪੁਲੀਸ ਅਧਿਕਾਰੀ ਵਿਕਾਸ ਯਾਦਵ ਉਤੇ ਪੰਨੂ ਦੇ ਕਤਲ ਦੀ ਕੋਸ਼ਿਸ਼ ਵਿਚ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਉਸ ਦੇ ਸ਼ਹਿ ਸਾਜ਼ਿਸ਼ਘਾੜੇ ਨਿਖਿਲ ਗੁਪਤਾ ਨੂੰ ਪਹਿਲਾਂ ਹੀ ਚੈਕ ਰਿਬਪਲਿਕ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੋ ਹੁਣ ਅਮਰੀਕੀ ਜੇਲ੍ਹ ਵਿਚ ਬੰਦ ਹੈ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ (State Department Spokesperson Matthew Miller) ਨੇ ਕਿਹਾ ਕਿ ਸੀ ਭਾਰਤ ਵੱਲੋਂ ਮਾਮਲੇ ਵਿਚ ਦਿੱਤੇ ਜਾ ਰਹੇ ਸਹਿਯੋਗ ਤੋਂ ਅਮਰੀਕਾ ਦੀ ਤਸੱਲੀ ਹੈ। ਇਸ ਤੋਂ ਬਾਅਦ ਪਟੇਲ ਦਾ ਇਹ ਬਿਆਨ ਆਇਆ ਹੈ ਕਿ ਹਾਲੇ ਅਮਰੀਕਾ ਦੀ ‘ਪੂਰੀ ਤਸੱਲੀ’ ਨਹੀਂ ਹੈ। -ਪੀਟੀਆਈ