ਕਾਂਗਰਸ ਨੇ ਫਰੀਦਕੋਟ ਤੋ ਸਹੋਕੇ ਅਤੇ ਹੁਸ਼ਿਆਰਪੁਰ ਤੋਂ ਯਾਮਨੀ ਨੂੰ ਬਣਾਇਆ ਉਮੀਦਵਾਰ
ਚੰਡੀਗੜ੍ਹ 22 ਅਪ੍ਰੈਲ (ਜਸਬੀਰ)
ਕਾਂਗਰਸ ਨੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਤੇ ਲੋਕ ਗਾਇਕ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ। ਕਾਂਗਰਸ ਨੇ ਉਨਾਂ ਦੀ ਥਾਂ ਅਮਰਜੀਤ ਕੌਰ ਸਹੋਕੇ ਨੂੰ ਉਮੀਦਵਾਰ ਬਣਾਇਆ ਹੈ। ਇਸੀ ਤਰਾਂ ਕਾਂਗਰਸ ਨੇ ਸਾਰੀਆਂ ਗਿਣਤੀਆਂ ਮਿਣਤੀਆਂ ਨੂ੍ੰ ਤੋੜਦੇ ਹੋਏ ਹੁਸ਼ਿਆਰਪੁਰ ਤੋਂ ਯਾਮਨੀ ਗੋਵਰ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋ ਚਾਰ ਰਾਖਵੇਂ ਹਲਕਿਆਂ ਤੋ ਉਮੀਦਵਾਰ ਐਲਾਨ ਦਿੱਤੇ ਹਨ। ਇਸਤੋਂ ਪਹਿਲਾਂ ਸ੍ਰੀ ਫਤਿਹਗੜ ਸਾਹਿਬ ਤੋਂ ਡਾ ਅਮਰ ਸਿੰਘ ਨੂੰ ਦੂਜੀ ਵਾਰ ਉਮੀਦਵਾਰ ਬਣਾਇਆ ਹੈ, ਜਦਕਿ ਜਲੰਧਰ ਤੋਂ ਸਾਬਕਾ ਮੁੱਖ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਚੰਨੀ ਨੂੰ ਟਿਕਟ ਦੇਣ ਦੇ ਰੋਸ ਵਜੋਂ ਉਨਾਂ ਦੇ ਕੁੜਮ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਕਾਂਗਰਸ ਨੂੰ ਅਲਵਿਦਾ ਕਹਿ ਚੁ੍ਕੇ ਹਨ।
>ਚੰਨੀ ਵੱਡੇ ਦਲਿਤ ਲੀਡਰ ਬਣਕੇ ਉਭਰੇ–
ਜੇਕਰ ਚਾਰ ਰਾਖਵੀਆਂ ਸੀਟਾਂ ਦੇ ਉਮੀਦਵਾਰਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਲਿਤਾਂ ਦਾ ਵੱਡਾ ਲੀਡਰ ਬਣਕੇ ਉਭਰੇ ਹਨ। ਕਾਂਗਰਸ ਨੇ ਚੰਨੀ ਨੂੰ ਜਲੰਧਰ ਤੋ ਉਮੀਦਵਾਰ ਬਣਾਇਆ ਹੈ। ਫਤਿਹਗੜ ਸਾਹਿਬ ਤੋਂ ਡਾ ਅਮਰ ਸਿੰਘ, ਫਰੀਦਕੋਟ ਤੋ ਅਮਰਜੀਤ ਕੌਰ ਸਹੋਕੇ ਤੇ ਹੁਸ਼ਿਆਰਪੁਰ ਤੋਂ ਯਾਮਨੀ ਗੋਵਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸਿਆਸੀ ਪੰਡਤਾੰ ਦਾ ਕਹਿਣਾ ਹੈ ਕਿ ਲੋਕ ਸਭਾ ਦੇ ਨਤੀਜ਼ੇ ਕੀ ਆਉਣਗੇ ਇਹ ਸਮੇਂ ਦੇ ਗਰਭ ਵਿਚ ਹੈ, ਪਰ ਚੰਨੀ ਕਾਂਗਰਸ ਦੇ ਦਲਿਤ ਉਮੀਦਵਾਰਾਂ , ਇੱਥੋ ਤਕ ਦੂਜੇ ਉਮੀਦਵਾਰਾਂ ਵਿਚ ਵੀ ਵੱਡਾ ਕੱਦ ਬਣਕੇ ਉਭਰਿਆ ਹੈ। ਇਹਨਾਂ ਚੋਣਾਂ ਵਿਚ ਰਾਖਵੇਂ ਹਲਕਿਆਂ ਤੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ, ਸਮਸ਼ੇਰ ਸਿੰਘ ਦੂਲੋ, ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ ਅਤੇ ਸਾਬਕਾ ਕੇੰਦਰੀ ਮੰਤਰੀ ਸੰਤੋਸ਼ ਕੁਮਾਰੀ ਆਪਣੀ ਨੂੰਹ ਨੂੰ ਟਿਕਟ ਲੈਣ ਦੇ ਇਛੁ੍ਕ ਸਨ। ਸਿਆਸੀ ਪੰਡਤਾਂ ਅਨੁਸਾਰ ਚੰਨੀ ਨੂੰ ਛੱਡਕੇ ਬਾਕੀ ਦਲਿਤ ਉਮੀਦਵਾਰ ਸਿਆਸੀ ਤੌਰ “ਤੇ ਉਹ ਪ੍ਰਭਾਵ ਨਹੀਂ ਰੱਖਦੇ ਜੋ ਚੰਨੀ ਰੱਖਦਾ ਹੈੇ। ਭਾਵ ਸਾਰੇ ਵੱਡੇ ਦਲਿਤ ਆਗੂਆਂ ਨੂੰ ਸਿਆਸੀ ਤੌਰ “ਤੇ ਹਾਸ਼ੀਏ “ਤੇ ਧੱਕ ਦਿੱਤਾ ਗਿਆ ਹੈ।
>ਸਦੀਕ ਨੂੰ ਭਗਵੰਤ ਮਾਨ ਨਾਲ ਆੜੀ ਲੈ ਬੈਠੀ
ਸਦੀਕ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਡੂੰਮ ਜਾਤੀ ਨਾਲ ਸਬੰਧ ਰੱਖਦਾ ਹੈ। ਆਪ ਨੇ ਵੀ ਕਰਮਜੀਤ ਅਨਮੋਲ ਨੂੰ ਟਿਕਟ ਦਿ੍ਤੀ ਹੈ, ਜੋ ਕਿ ਕਲੀਆ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਭਾਣਜਾ ਹੈ। ਕਾਂਗਰਸ ਦੇ ਦੋ ਵਾਰ ਕਰਵਾਏ ਸਰਵੇਖਣ ਵਿਚ ਮੁਹੰਮਦ ਸਦੀਕ ਲੋਕਾਂ ਤੇ ਕਾਂਗਰਸ ਦੀਆਂ ਰਿਪੋਰਟਾਂ ਮੁਤਾਬਿਕ ਕਮਜੋਰ ਉਮੀਦਵਾਰ ਸਾਬਤ ਹੋਏ ਹਨ। ਜਦਕਿ ਚਰਚਾਵਾਂ ਹਨ ਕਿ ਸਦੀਕ ਨੂੰ ਮੁ੍ੱਖ ਮੰਤਰੀ ਭਗਵੰਤ ਮਾਨ ਨਾਲ ਜ਼ਿਆਦਾ ਮੋਹ ਲੈ ਡੁੱਬਿਆ ਹੈ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਮੁਹੰਮਦ ਸਦੀਕ ਇਕੱਲਾ ਕਾਂਗਰਸੀ ਆਗੂ ਸੀ, ਜੋ ਸਮਾਗਮ ਵਿਚ ਸ਼ਾਮਲ ਹੋਇਆ। ਇਸੀ ਤਰਾਂ ਮੁ੍ੱਖ ਮੰਤਰੀ ਦੇ ਹੋਰ ਸਮਾਗਮਾਂ ਵਿਚ ਵੀ ਸਦੀਕ ਹਾਜ਼ਰ ਹੁੰਦਾ ਰਿਹਾ ਹੈ। ਸਦੀਕ ਦਾ ਭਗਵੰਤ ਮਾਨ ਦੇ ਸਮਾਗਮਾਂ ਵਿਚ ਜਾਣਾ ਕਾਂਗਰਸੀਆਂ ਨੂੰ ਚੰਗਾਂ ਨਾ ਲੱਗਿਆ । ਸਭਤੋ ਅਹਿਮ ਗੱਲ ਹੈ ਕਿ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਭਗਵੰਤ ਮਾਨ ਦੇ ਵਿਦਿਆਰਥੀ ਜੀਵਨ ਦਾ ਦੋਸਤ ਹੈ। ਬੇਸ਼ੱਕ ਕਾਂਗਰਸ ਤੇ ਆਪ ਪੰਜਾਬ ਵਿਚ ਅਲੱਗ ਅਲੱਗ ਚੋਣ ਲੜ ਰਹੇ ਹਨ ਪਰ ਕੌਮੀ ਪੱਧਰ ਤੇ ਇੰਡੀਆਂ ਦਾ ਗਠਜੋੜ ਦਾ ਹਿੱਸਾ ਹਨ।
ਕਾਂਗਰਸ ਨੇ ਅੱਜ ਫਰੀਦਕੋਟ ਅਤੇ ਹੁਸ਼ਿਆਰਪੁਰ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਫਰੀਦਕੋਟ ਤੋਂ ਅਮਰਜੀਤ ਕੌਰ ਸਹੋਕੋ ਦੇ ਪਤੀ ਭੁਪਿੰਦਰ ਸਿੰਘ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਚੋਣ ਲੜੇ ਸਨ ਜਿਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਰਟੀ ਨੇ ਹੁਸ਼ਿਆਰਪੁਰ ਤੋਂ ਯਾਮਨੀ ਗੋਵਰ ਨੂੰ ਟਿਕਟ ਦਿੱਤੀ ਹੈ ਯਾਮਨੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ ਉਸ ਵਕਤ ਯਾਮਨੀ ਨੂੰ 2.13 ਵੋਟਾਂ ਪਈਆਂ ਸਨ। ਕਾਂਗਰਸ ਹੁਣ ਤੱਕ ਨੌ ਹਲਕਿਆ ਤੋਂ ਉਮੀਦਵਾਰ ਐਲਾਨ ਚੁੱਕੀ ਹੈ ਜਦੋਂ ਕਿ ਅਨੰਦਪੁਰ ਸਾਹਿਬ, ਖਡੂਰ ਸਾਹਿਬ, ਗੁਰਦਾਸਪੁਰ ਅਤੇ ਫਿਰੋਜ਼ਪੁਰ ਤੋਂ ਪਾਰਟੀ ਨੇ ਉਮੀਦਵਾਰ ਘੋਸ਼ਿਤ ਨਹੀਂ ਕੀਤੇ। ਆਮ ਆਦਮੀ ਪਾਰਟੀ ਨੇ 13, ਭਾਜਪਾ ਨੇ 9 ਸ਼੍ਰੋਮਣੀ ਅਕਾਲੀ ਦਲ ਨੇ 12 ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।
>ਟਿਕਟ ਕੱਟੇ ਜਾਣ ‘ਤੇ ਸਦੀਕ ਨੇ ਕੀ ਕਿਹਾ
ਮੁਹੰਮਦ ਸਦੀਕ ਨੇ ਕਿਹਾ ਕਿ ਮੇਰੀ ਟਿਕਟ ਕੱਟ ਦਿੱਤੀ ਹੈ। ਸਦੀਕ ਨੇ ਕਿਹਾ ਕਿ ਹਾਈਕਮਾਨ ਦਾ ਫੈਸਲਾ ਤੇ ਉਹ ਕਿੰਤੂ ਪਰੰਤੂ ਨਹੀਂ ਕਰ ਸਕਦਾ। ਮੇਰਾ ਜਾਣਾ ਉਥੇ ਜਾਣਾ ਠੀਕ ਨਹੀਂ ਹੈ. ਮੈਨੂੰ ਲੋਕ ਸਵਾਲ ਕਰਨਗੇ ਜਿਸ ਨਾਲ ਮੇਰਾ ਜਾਣਾ ਠੀਕ ਨਹੀਂ ਹੈ। ਸਦੀਕ ਨੇ ਕਿਹਾ ਕਿ ਮੈ ਥੋੜੀ ਦੇਰ ਅਰਾਮ ਕਰਾਂਗਾ। ਸਦੀਕ ਨੇ ਕਿਹਾ ਕਿ ਮੈਨੂੰ ਰਾਜਨੀਤੀ ਨਹੀੰਂ ਆਉਂਦੀ ਪਰ ਮੇਰੀ ਟਿਕਟ ਕਿਉਂ ਕੱਟੀ ਇਸ ਬਾਰੇ ਹਾਈਕਮਾਨ ਦੱਸ ਸਕਦੀ ਹੈ। ਸਦੀਕ ਨੇ ਕਿਹਾ ਕਿ ਉਨਾਂ ਪਹਿਲੀ ਵਾਰ ਜਵਾਹਰ ਲਾਲ ਨਹਿਰੂ ਦੇ ਸਾਹਮਣੇ ਸਟੇਜ਼ ਤੇ ਗਾਇਆ ਸੀ, ਉਦੋ ਤੋ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹਾਂ ।