ਬਰਨਾਲਾ, 23 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (25/11) ’ਤੇ ਆਜ਼ਾਦ ਗਰੁੱਪ, ਇੰਟਕ ਅਤੇ ਸੀਟੂ ਦੇ ਸੱਦੇ ’ਤੇ ਕਾਮਿਆਂ ਨੇ ਅੱਜ ਸਥਾਨਕ ਮੁੱਖ ਬੱਸ ਸਟੈਂਡ ਦੋ ਘੰਟਿਆਂ ਲਈ ਬੰਦ ਕਰਕੇ ਧਰਨਾ ਲਾਇਆ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਸੂਬਾ ਆਗੂ ਰਣਧੀਰ ਸਿੰਘ ਰਾਣਾ, ਗੁਰਪ੍ਰੀਤ ਸੇਖਾ, ਬਰਨਾਲਾ ਪੀਆਰਟੀਸੀ ਡਿੱਪੂ ਪ੍ਰਧਾਨ ਨਿਰਪਾਲ ਸਿੰਘ ਪੱਪੂ, ਸੂਬਾ ਸਕੱਤਰ ਸੁਖਪਾਲ ਸਿੰਘ ਪਾਲਾ ,ਗੁਰਪ੍ਰੀਤ ਦੀਵਾਨਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰ ਨੂੰ ਬਾਹਰ ਕੱਢਣਾ, ‘ਬਰਾਬਰ ਕੰਮ ਬਰਾਬਰ ਤਨਖਾਹ , ਮੁਲਾਜ਼ਮਾਂ ਦੀ ਬਹਾਲੀ ਸਮੇਤ ਹੋਰ ਕਈ ਲਟਕਦੀਆਂ ਮੰਗਾਂ ਦਾ ਹੁਣ ਤੱਕ ਕੋਈ ਹੱਲ ਨਹੀਂ ਕੀਤਾ ਗਿਆ।
ਆਗੂਆਂ ਕਿਹਾ ਕਿ ਬੀਤੇ ਜੁਲਾਈ ਮਹੀਨੇ ਦੋਰਾਨ ਮੀਟਿੰਗ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਮਹੀਨੇ ਦੇ ਅੰਦਰ ਹੱਲ ਕਰਨ ਦੀ ਹਦਾਇਤ ਦੇ ਬਾਵਜੂਦ ਮਸਲਾ ਜਿਉਂ ਦਾ ਤਿਉਂ ਖੜ੍ਹਾ ਹੈ। ਬਲਕਿ ਬੀਤੇ ਦਿਨ ਜਥੇਬੰਦੀਆਂ ਦੇ ਵਫ਼ਦ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦ ਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਉੱਥੇ ਪੁੱਜੇ ਹੀ ਨਹੀਂ, ਜਿਸ ਤੋਂ ਕਾਮਿਆਂ ’ਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਹੁਣ 29 ਅਕਤੂਬਰ ਨੂੰ ਮੁੜ ਮੀਟਿੰਗ ਨਿਸ਼ਚਿਤ ਗਈ ਹੈ, ਜੇ ਮੀਟਿੰਗ ਵਿਚ ਕੋਈ ਹੱਲ ਨਹੀਂ ਹੋਇਆ ਤਾਂ ਜਥੇਬੰਦੀਆਂ ਜ਼ਿਮਨੀ ਚੋਣਾਂ ਦੌਰਾਨ ਸਰਕਾਰ ਦੇ ਖ਼ਿਲਾਫ਼ ਝੰਡਾ ਮਾਰਚ ਕੀਤਾ ਜਾਵੇਗਾ। ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਮੁਕੰਮਲ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਬੂਟਾ ਪੱਖੋ,ਭਰਪੂਰ ਸਿੰਘ, ਦਿਲਜੀਤ ਸਿੰਘ (ਆਜ਼ਾਦ ), ਖੁਸ਼ੀਆ ਸਿੰਘ (ਏਟਕ ), ਗੁਰਦੀਪ ਸਿੰਘ(ਕਰਮਚਾਰੀ ਦਲ ), ਸ਼ੇਰ ਸਿੰਘ ਫਰਵਾਹੀ (ਸੀਟੂ ) ਨੇ ਵੀ ਸੰਬੋਧਨ ਕੀਤਾ।