ਚੰਡੀਗੜ੍ਹ, 21 ਅਕਤੂਬਰ ( ਖ਼ਬਰ ਖਾਸ ਬਿਊਰੋ)
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 28 ਅਕਤੂਬਰ ਨੂੰ ਕਾਰਜਕਰਨੀ ਦੀ ਚੋਣ ‘ਚ ਕਮੇਟੀ ਮੈਂਬਰਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਉੱਤੇ ਵੋਟ ਦੇ ਕੇ ਦਹਾਕਿਆਂ ਤੋਂ ਲਫਾਫਿਆਂ ਵਿੱਚੋਂ ਨਿਕਲਦੀਆਂ ਅਹੁਦੇਦਾਰੀਆਂ ਦੇ ਵਰਤਾਰੇ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਜਸਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਦਹਾਕਿਆਂ ਤੋਂ ਅਕਾਲੀ ਦਲ ਦੇ ਕੰਟਰੋਲ ਵਿੱਚ ਚਲਦੀ ਆ ਰਹੀ ਹੈ ਜਿਹੜਾ ਕਮੇਟੀ ਨੂੰ ਆਪਣੇ ਨਿਰੋਲ ਸਿਆਸੀ ਹਿੱਤਾਂ ਲਈ ਵਰਤ ਰਿਹਾ ਹੈ। ਹੈਰਾਨੀ ਹੈ ਕਿ ਸਰਬਉੱਚ ਧਾਰਮਿਕ ਅਦਾਰੇ ਅਕਾਲ ਤਖ਼ਤ ਦੇ ਜਥੇਦਾਰ ਵੀ ਲਫਾਫਿਆਂ ਵਿੱਚੋਂ ਹੀ ਨਿਕਲ ਰਹੇ ਹਨ, ਜਿਸ ਕਰਕੇ ਅਕਾਲੀ ਰਾਜਨੀਤੀ ਉੱਤੇ ਦਿੱਲੀ ਤਖ਼ਤ ਦਾ ਪ੍ਰਭਾਵ ਹਰ ਸੰਵੇਦਨਸ਼ੀਲ ਧਾਰਮਿਕ ਮੁਦੇ ਉੱਤੇ ਜ਼ਾਹਰਾ ਅਸਰ ਅੰਦਾਜ਼ ਹੁੰਦਾ ਰਹਿੰਦਾ ਹੈ। ਜਿਸ ਕਰਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਕੇ, ਵਾਪਸ ਹੋ ਜਾਂਦਾ ਅਤੇ ਸਿੱਖ ਸਿਧਾਂਤਾਂ ਅਤੇ ਕਮੇਟੀ ਮਰਿਆਦਾ ਨੂੰ ਨਾ ਮੰਨਣ ਵਾਲੀਆਂ ਡੇਰੇਦਾਰੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰ-ਵਿਹਾਰ ਨੂੰ ਆਪਣੇ ਅਨੁਸਾਰ ਚਲਾਉਦੀਆਂ ਰਹਿੰਦੀਆਂ ਹਨ।
ਕਿਉਂਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਣਾ-ਬਾਣਾ, ਵਿਦਿਅਕ ਅਦਾਰੇ ਅਤੇ ਉਸਦੇ ਤਿੰਨ ਦਰਜ਼ਨ ਤੋਂ ਵੱਧ ਵੱਡੇ ਵੱਡੇ ਟਰੱਸਟ ਅਤੇ ਦਫਾ 97 ਦੀਆਂ ਪੰਜਾਬ ਵਿੱਚ ਫੈਲੀਆਂ ਗੁਰਦੁਆਰਾ ਕਮੇਟੀਆਂ ਕਾਬਜ਼ ਅਕਾਲੀ ਦਲ ਨੂੰ ਵੱਡਾ ਆਧਾਰ ਪ੍ਰਵਾਨ ਕਰਦੀਆਂ ਹਨ, ਇਸੇ ਕਰਕੇ, ਪਾਰਟੀ ਕਦੇ ਵੀ ਕਮੇਟੀ ਦੀ ਸਮੇਂ ਸਿਰ ਚੋਣ ਦੀ ਮੰਗ ਨਹੀਂ ਕਰਦੀ ਅਤੇ 100 ਸਾਲ ਪੁਰਾਣੇ ਗੁਰਦੁਆਰਾ ਐਕਟ (1925) ਵਿੱਚ ਸਿਰਫ਼ ਲੋੜ ਮੁਤਾਬਿਕ ਤਰਮੀਮ ਕਰਵਾਉਦੀ ਹੈ, ਜਿਸ ਕਰਕੇ ਕਮੇਟੀ ਹੁਣ ਅਸਲ ਵਿੱਚ ਸਿੱਖਾਂ ਦੀ ਧਾਰਮਿਕ ਤੌਰ ਤੇ ਪ੍ਰਤੀਨਿਧ ਹੋਣ ਦਾ ਇਖਲਾਕੀ ਅਧਿਕਾਰ ਗੁਆ ਚੁੱਕੀ ਹੈ।
ਨਾਲ ਜੁੜੇ ਸਿੱਖ ਵਿਚਾਰਵਾਨਾਂ ਦੀ ਮੰਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਜਮਹੂਰੀਅਤ ਪੱਧਰ ਉੱਤੇ ਖੜ੍ਹਾ ਕਰਨ ਲਈ, ਸ਼੍ਰੋਮਣੀ ਕਮੇਟੀ ਦੀ ਚੋਣ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਲਿਆਂਦੀ ਜਾਵੇ ਕਿਉਂਕਿ ਚੰਡੀਗੜ੍ਹ ਦੇ ਇਕ ਮੈਂਬਰ ਨੂੰ ਛੱਡਕੇ ਹੁਣ ਸਾਰੇ ਕਮੇਟੀ ਮੈਂਬਰਾਂ ਨੂੰ ਪੰਜਾਬ ਵਿੱਚੋਂ ਹੀ ਚੁਣਿਆ ਜਾਂਦਾ ਹੈ।
ਉਹਨਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜੇਕਰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਨੂੰ ਸਹੀ ਅਰਥਾਂ ਵਿੱਚ ਦਖ਼ਲ-ਅੰਦਾਜ਼ੀ ਮੁਕਤ ਕਰਵਾਉਣਾ ਅਤੇ ਧਾਰਮਿਕ ਤੌਰ ਤੇ ਅਮਲੀ ਰੂਪ ਵਿੱਚ ਸਿਰਮੌਰ ਬਣਾਉਣਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੌਜੂਦਾ ਅਮਲ ਤਬਦੀਲ ਕਰਵਾਉਣ ਲਈ ਅੱਗੇ ਆਵੇ।