ਲੰਡਨ, 21 ਅਕਤੂਬਰ (ਖ਼ਬਰ ਖਾਸ ਬਿਊਰੋ)
ਵੱਖ ਵੱਖ 32 ਦੇਸ਼ਾਂ ਦੀਆਂ ਰਾਸ਼ਟਰੀ ਸਿੱਖ ਸੰਸਥਾਵਾਂ ਦੀ ਨੁਮਾਇੰਦਾ ਸੰਸਥਾ, ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਹਾਊਸ ਆਫ ਲਾਰਡਸ, ਵੈਸਟਮਿੰਸਟਰ, ਲੰਦਨ ਦੇ ਕਮੇਟੀ ਰੂਮ ਵਿੱਚ ਹੋਈ ਆਪਣੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਹਾਊਸ ਆਫ਼ ਲਾਰਡਜ਼ ਦੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਲਾਰਡ ਇੰਦਰਜੀਤ ਸਿੰਘ ਨੂੰ ‘ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਹੈ। ਇਸ ਮੌਕੇ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਅਤੇ ਕੌਂਸਲ ਦੇ ਮੈਂਬਰਾਂ ਨੇ ਲੰਦਨ ਦੇ ਉੱਘੇ ਕਾਰੋਬਾਰੀ ਟੋਨੀ ਮਠਾਰੂ ਨੂੰ ਵੀ ਸਮਾਜਿਕ ਕਾਰਜਾਂ ਵਿੱਚ ਪਾਏ ਪਰਉਪਕਾਰੀ ਯੋਗਦਾਨ ਲਈ ਸਨਮਾਨਿਤ ਕੀਤਾ।
ਇਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜੀ.ਐਸ.ਸੀ. ਦੇ ਜਨਰਲ ਸਕੱਤਰ ਹਰਸਰਨ ਸਿੰਘ ਨੇ ਦੱਸਿਆ ਕਿ ਸਿੱਖ ਕੌਮ ਲਈ ਬਹੁਤ ਸ਼ਲਾਘਾਯੋਗ ਗੱਲ ਹੈ ਕਿ ਹਾਊਸ ਆਫ਼ ਲਾਰਡਜ਼ ਦੀ ਗੈਲਰੀ ਵਿੱਚ ਲਾਰਡ ਇੰਦਰਜੀਤ ਸਿੰਘ ਦੀ ਤਸਵੀਰ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ ਦੇ ਪਹਿਲੇ ਸਿੱਖ ਸੰਸਦ ਮੈਂਬਰ ਵਜੋਂ ਇਹ ਮਾਨਤਾ ਬਰਤਾਨਵੀ ਸਮਾਜ, ਸਿੱਖ ਭਾਈਚਾਰੇ ਅਤੇ ਅੰਤਰ-ਧਰਮ ਸਦਭਾਵਨਾ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦਾ ਪ੍ਰਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਬੈਰਨ ਸਿੰਘ ਆਫ ਵਿੰਬਲਡਨ’ ਦਾ ਖਿਤਾਬ ਪ੍ਰਾਪਤ ਲਾਰਡ ਇੰਦਰਜੀਤ ਸਿੰਘ ਨੂੰ ਧਾਰਮਿਕ ਭਾਈਚਾਰਿਆਂ ਪ੍ਰਤੀ ਵਿਲੱਖਣ ਸੇਵਾਵਾਂ ਦੇ ਸਨਮਾਨ ਵਜੋਂ ਵੱਕਾਰੀ ਟੈਂਪਲਟਨ ਐਵਾਰਡ ਅਤੇ ਇੰਟਰਫੇਥ ਮੈਡਲ ਵੀ ਪ੍ਰਦਾਨ ਹੋਇਆ ਹੈ।
ਮਲੇਸ਼ੀਆ ਦੇ ਨੁਮਾਇੰਦੇ ਜਗੀਰ ਸਿੰਘ ਨੇ ਨੈਟਵਰਕ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਯੂ.ਕੇ.) ਦੇ ਡਾਇਰੈਕਟਰ ਵਜੋਂ ਲਾਰਡ ਇੰਦਰਜੀਤ ਸਿੰਘ ਦੀ ਭੂਮਿਕਾ ਸਮੇਤ ਰਾਸ਼ਟਰੀ ਅਤੇ ਨਾਗਰਿਕ ਮੌਕਿਆਂ ਵਿੱਚ ਸਰਗਰਮ ਸ਼ਮੂਲੀਅਤ ਬਾਰੇ ਜ਼ਿਕਰ ਕਰਦਿਆਂ ਦੱਸਿਆ ਲਾਰਡ ਸਿੰਘ ਨੇ ਰਾਸ਼ਟਰਮੰਡਲ ਸੇਵਾ ਅਤੇ ਵਾਈਟਹਾਲ, ਲੰਦਨ ਦੇ ਸੈਨੋਟਾਫ ਵਿਖੇ ਯਾਦਗਾਰੀ ਦਿਵਸ ਸੇਵਾ ਮੌਕੇ ਨਿਭਾਈਆਂ ਸੇਵਾਵਾਂ ਬਾਰੇ ਵੀ ਚਾਨਣਾ ਪਾਇਆ।
ਜ਼ਿਕਰਯੋਗ ਹੈ ਕਿ ਲਾਰਡ ਇੰਦਰਜੀਤ ਸਿੰਘ ਨੂੰ ਅੰਤਰ-ਧਰਮ ਲਹਿਰ ਵਿੱਚ ਪਾਏ ਯੋਗਦਾਨ ਲਈ ਵਿਸ਼ਵ ਪੱਧਰ ‘ਤੇ ਜਾਣਿਆ ਜਾਂਦਾ ਹੈ ਅਤੇ ਉਹ ਵਿਸ਼ਵ ਕਾਂਗਰਸ ਆਫ ਫੇਥਜ਼ ਦੇ ਸਰਪ੍ਰਸਤ ਅਤੇ ਇੰਟਰ-ਫੇਥ ਨੈਟਵਰਕ ਯੂਕੇ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੀ ਹਨ। ਇਸ ਮੌਕੇ ਬੁਲਾਰਿਆਂ ਨੇ ਪ੍ਰਿੰਸ ਵਿਲੀਅਮ ਅਤੇ ਕੈਥਰੀਨ ਮਿਡਲਟਨ ਦੇ ਵਿਆਹ ਅਤੇ ਰਾਜਾ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਸਮਾਗਮ ਵਿੱਚ ਸਿੱਖ ਧਰਮ ਦੇ ਪ੍ਰਤੀਨਿਧੀ ਵਜੋਂ ਉਨ੍ਹਾਂ ਦੀ ਮਹੱਤਵਪੂਰਨ ਮੌਜੂਦਗੀ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਅਮਰੀਕਾ ਤੋਂ ਪੁੱਜੇ ਕੌਂਸਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਬੇਦੀ ਨੇ ਸਿੱਖ ਮੈਸੇਂਜਰ ਦੇ ਸੰਪਾਦਕ ਵਜੋਂ ਅਤੇ ਬੀਬੀਸੀ ਰੇਡੀਓ ਦੇ ਦੋ ਵਿਸ਼ੇਸ਼ ਪ੍ਰੋਗਰਾਮਾਂ ‘ਥੌਟ ਫਾਰ ਦਿ ਡੇਅ’ ਅਤੇ ‘ਪੌਜ਼ ਫਾਰ ਥੌਟ’ ਵਿੱਚ ਲਾਰਡ ਸਿੰਘ ਵੱਲੋਂ ਰੋਜ਼ਾਨਾ ਪੇਸ਼ਕਾਰੀ ਦੌਰਾਨ ਸਿੱਖ ਮੁੱਦਿਆਂ ਨੂੰ ਉਜਾਗਰ ਕਰਨ ਸਬੰਧੀ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਅਵਾਰਡ ਪ੍ਰਾਪਤ ਕਰਨ ਉਪਰੰਤ ਲਾਰਡ ਸਿੰਘ ਅਤੇ ਟੋਨੀ ਮਠਾਰੂ ਦੋਵਾਂ ਨੇ ਕੌਂਸਲ ਦੇ ਟੀਚਿਆਂ ਅਤੇ ਵਿਸ਼ਵ ਸਿੱਖ ਭਾਈਚਾਰੇ ਦੀ ਸੇਵਾ ਕਰਨ ਸਬੰਧੀ ਉਲੀਕੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਮੱਦਦ ਕਰਨ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਸਮਾਗਮ ਨੂੰ ਸੰਬੋਧਨ ਕਰਨ ਵਾਲੇ ਹੋਰਨਾਂ ਪ੍ਰਮੁੱਖ ਬੁਲਾਰਿਆਂ ਵਿੱਚ ਇੰਡੋਨੇਸ਼ੀਆ ਤੋਂ ਡਾ: ਕਰਮਿੰਦਰ ਸਿੰਘ ਢਿੱਲੋਂ, ਆਇਰਲੈਂਡ ਤੋਂ ਡਾ: ਜਸਬੀਰ ਸਿੰਘ ਪੁਰੀ, ਭਾਰਤ ਤੋਂ ਰਾਮ ਸਿੰਘ ਰਾਠੌਰ ਅਤੇ ਹਰਜੀਤ ਸਿੰਘ ਗਰੇਵਾਲ, ਨੇਪਾਲ ਤੋਂ ਕਿਰਨਦੀਪ ਕੌਰ ਸੰਧੂ, ਸੁਖਦੇਵ ਸਿੰਘ ਬੈਲਜੀਅਮ, ਸਰਦੂਲ ਸਿੰਘ ਯੂਗਾਂਡਾ, ਰਣਬੀਰ ਸਿੰਘ ਅਟਵਾਲ ਥਾਈਲੈਂਡ, ਬਰਮਿੰਘਮ ਤੋਂ ਖਜ਼ਾਨਚੀ ਸਤਨਾਮ ਸਿੰਘ ਪੂਨੀਆ, ਲੰਦਨ ਤੋਂ ਸਤਵਿੰਦਰ ਸਿੰਘ ਢਡਿਆਲਾ, ਸਤਿੰਦਰ ਸਿੰਘ ਅਰਧਨ, ਸੁਰਜੀਤ ਸਿੰਘ ਜੁਤਲਾ, ਨਵਦੀਪ ਸਿੰਘ, ਬਲਬੀਰ ਕੌਰ ਮਠਾੜੂ ਵੀ ਸ਼ਾਮਲ ਹਨ।