ਚੰਡੀਗੜ੍ਹ 21 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀ ਜ਼ਿਮਨੀ ਚੋਣ ਲਈ 13 ਨਵੰਬਰ ਨੂੰ ਵੋਟਾਂ ਪੈਣਗੀਆਂ। ਆਮ ਆਦਮੀ ਪਾਰਟੀ ਨੇ ਆਪਣੇ ਚਾਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਪਰ ਅਜੇ ਤੱਕ ਦੂਜੀਆਂ ਪਾਰਟੀਆਂ ਉਮੀਦਵਾਰਾਂ ਦੀ ਤਲਾਸ਼ ਵਿਚ ਹਨ। ਇਹ ਚੋਣਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਲਈ ਜਿੱਥੇ ਵਕਾਰ ਦਾ ਸਵਾਲ ਹਨ, ਉਥੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦਾ ਸਵਾਲ ਹੋਣਗੀਆਂ। ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਢਾਈ ਸਾਲ ਗੁਜ਼ਰ ਚੁੱਕੇ ਹਨ। ਸਰਕਾਰ ਆਪਣੀ ਕਾਰਗੁਜ਼ਾਰੀ ਦਾ ਦਮ ਭਰੇਗੀ ਅਤੇ ਵਿਰੋਧੀ ਧਿਰ ਸਰਕਾਰ ਦੀਆਂ ਨਿਲਾਕੀਆਂ ਦਾ ਢਿੰਡੋਰਾ ਪਿੱਟੇਗੀ।
ਇਹ ਚਾਰੋਂ ਸੀਟਾਂ ਗੁਰਮੀਤ ਸਿੰਘ ਮੀਤ ਹੇਅਰ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾਂ ਅਤੇ ਡਾ ਰਾਜ ਕੁਮਾਰ ਚੱਬੇਵਾਲ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਬਾਅਦ ਖਾਲੀ ਹੋਈਆਂ ਹਨ। ਬਰਨਾਲਾ ਸੀਟ ਆਮ ਆਦਮੀ ਪਾਰਟੀ ਕੋਲ ਸੀ, ਜਦਕਿ ਬਾਕੀ ਤਿੰਨੋਂ ਸੀਟਾਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੀ ਝੋਲੀ ਪਈਆਂ ਸਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਕਾਂਗਰਸ ਦਾ ਹੱਥ ਛੱਡ ਆਪ ਵਿਚ ਸ਼ਾਮਲ ਹੋ ਗਏ ਸਨ। ਇਸ ਲਈ ਇਹ ਚੋਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਵਕਾਰ ਦਾ ਸਵਾਲ ਹੋਣਗੀਆਂ।
ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਸੀਟ ਨੂੰ ਬਚਾਈ ਰੱਖਣਾ ਕਾਂਗਰਸ ਖਾਸਕਰਕੇ ਡਾ ਸੁਖਜਿੰਦਰ ਸਿੰਘ ਰੰਧਾਵਾਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਵੱਡਾ ਦਬਾਅ ਹੋਵੇਗਾ ਕਿਉਂਕਿ ਇਕ ਤਾਂ ਇਹ ਦੋਵੇਂ ਕਾਂਗਰਸ ਦੇ ਵੱਡੇ ਕੱਦ ਦੇ ਆਗੂ ਹਨ ਅਤੇ ਦੋਵਾਂ ਦੀ ਅੱਖ ਭਵਿੱਖ ਦੇ ਮੁੱਖ ਮੰਤਰੀ ਦੀ ਕੁਰਸੀ ਉਤੇ ਵੀ ਹੈ। ਦੂਜਾ ਕਾਰਨ ਇਹ ਵੀ ਹੈ ਕਿ ਇਹ ਦੋਵੇਂ ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ ਲਗਾਤਾਰ ਤਿੰਨ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ। ਪਤਾ ਲੱਗਿਆ ਹੈ ਕਿ ਸੁਖਜਿੰਦਰ ਸਿੰਘ ਰੰਧਾਵਾਂ ਇਸ ਸੀਟ ਤੋ ਆਪਣੀ ਪਤਨੀ ਜਤਿੰਦਰ ਕੌਰ ਰੰਧਾਵਾਂ ਨੂੰ ਟਿਕਟ ਦਿਵਾਉਣਾ ਚਾਹੁੰਦਾ ਹੈ ਜਦਕਿ ਰਾਜਾ ਵੜਿੰਗ ਆਪਣੀ ਪਤਨੀ ਅਮ੍ਰਿਤਾ ਵੜਿੰਗ ਲਈ ਜ਼ੋਰ ਅਜਮਾਇਸ਼ ਕਰ ਰਿਹਾ ਹੈ।
ਇਸੀ ਤਰਾਂ ਚੱਬੇਵਾਲ ਸੀਟ ਵੀ ਲਗਾਤਾਰ ਦੋ ਵਾਰ ਕਾਂਗਰਸ ਦੇ ਹਿੱਸੇ ਆਈ ਹੈ। ਲਗਾਤਾਰ ਦੋ ਵਾਰ ਡਾ: ਰਾਜ ਕੁਮਾਰ ਚੱਬੇਵਾਲ ਇੱਥੋ ਵਿਧਾਇਕ ਬਣੇ ਹਨ। ਹੁਣ ਆਪ ਵਿਚ ਸ਼ਾਮਲ ਹੋਣ ਉਪਰੰਤ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਬੇਟੇ ਇਸ਼ਾਨ ਚੱਬੇਵਾਲ ਨੂੰ ਉਮੀਦਵਾਰ ਵਜੋਂ ਉਤਾਰਿਆ ਹੈ। ਜਦਕਿ ਬਰਨਾਲਾ ਸੀਟ ਲਗਾਤਾਰ ਦੋ ਵਾਰ ਆਪ ਦੇ ਹਿੱਸੇ ਆਈ ਹੈ। ਇਥੋ ਮੀਤ ਹੇਅਰ ਦਾ ਵਾਰ ਵਿਧਾਇਕ ਬਣੇ ਹਨ, ਹੁਣ ਆਪ ਨੇ ਮੀਤ ਹੇਅਰ ਦੇ ਅਤਿ ਨਜ਼ਦੀਕੀ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਹੈ। ਆਪ ਨੇ ਗਿੱਦੜਬਾਹਾ ਤੋ ਸੁਖਬੀਰ ਬਾਦਲ ਦੇ ਨਜ਼ਦੀਕੀਆਂ ਵਿਚ ਸ਼ੁਮਾਰ ਰਹੇ ਹਰਦੀਪ ਸਿੰਘ ਡਿੰਪੀ ਢਿਲੋਂ ਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾਂ ਨੂੰ ਟਿਕਟ ਦਿੱਤੀ ਹੈ।
ਹੁਕਮਰਾਨ ਧਿਰ ਬਾਰੇ ਇਹ ਕਿਆਸਰਾਈਆਂ ਬਣੀਆਂ ਹੋਈਆਂ ਹਨ ਕਿ ਜ਼ਿਮਨੀ ਚੋਣ ਹੁਕਮਰਾਨ ਧਿਰ ਭਾਵ ਸਰਕਾਰ ਹੀ ਜਿੱਤਦੀ ਹੈ, ਪਰ ਪੰਜਾਬ ਵਿਚ ਕਈ ਵਾਰ ਬਾਜੀ ਉਲਟ ਵੀ ਹੋਈ ਹੈ। ਆਪ ਦੀ ਸਰਕਾਰ ਬਣਨ ਬਾਅਦ ਹੀ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੂੰ ਉਲਟ ਪੈ ਗਈ ਸੀ। ਹਾਲ ਵਿਚ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਜਲੰਧਰ ਵਿੱਚ ਡੇਰੇ ਲਾ ਲਏ ਸਨ। ਮੁੱਖ ਮੰਤਰੀ ਨੇ ਬਕਾਇਦਾ ਜਲੰਧਰ ਵਿਚ ਕਿਰਾਏ ‘ਤੇ ਘਰ ਲੈ ਲਿਆ। ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਣਾਂ ਵਿਚ ਮੁੱਖ ਮੰਤਰੀ ਦੀ ਕੀ ਭੂਮਿਕਾ ਹੋਵੇਗੀ।
ਕਾਂਗਰਸ ਲਈ ਵੀ ਇਹ ਸੀਟਾਂ ਆਪਣੀ ਬਰਕਰਾਰ ਰੱਖਣਾ ਪਵੇਗਾ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਸਨ। ਜਦਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦਾ ਮਨੋਬਲ ਟੁੱਟ ਗਿਆ ਹੈ। ਜਲੰਧਰ ‘ਚ ਹੋਈ ਜ਼ਿਮਨੀ ਚੋਣ ਦੌਰਾਨ ਕਾਂਗਰਸ ਤੀਜੇ ਨੰਬਰ ‘ਤੇ ਰਹੀ। ਅਜਿਹੇ ‘ਚ ਕਾਂਗਰਸ ਲਈ ਇਹ ਵੱਡੀ ਚੁਣੌਤੀ ਹੋਵੇਗੀ ਕਿ ਉਹ ਸੱਤਾਧਾਰੀ ਪਾਰਟੀ ਨੂੰ ਕਿਸ ਤਰ੍ਹਾਂ ਚੁਣੌਤੀ ਦੇਵੇਗੀ।ਸਰਕਾਰ ਲਈ ਅਸਲ ਚੁਣੌਤੀ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਰਹੇਗੀ। ਹੁਕਮਰਾਨ ਧਿਰ ਤੇ ਕਾਂਗਰਸ ਲਈ ਸਮੱਸਿਆ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਸਿਆਸੀ ਹਾਸ਼ੀਏ ‘ਤੇ ਚੱਲ ਰਿਹਾ ਹੈ। ਭਾਰਤੀ ਜਨਤਾ ਪਾਰਟੀ ਬਰਨਾਲਾ ਨੂੰ ਛੱਡ ਕੇ ਕਿਸੇ ਵੀ ਹੋਰ ਸੀਟ ‘ਤੇ ਸਨਮਾਨਜਨਕ ਸਥਿਤੀ ‘ਚ ਨਹੀਂ ਹੈ। ਅਕਾਲੀ ਦਲ ਅਤੇ ਭਾਜਪਾ ਕਿਹੋ ਜਿਹਾ ਨਤੀਜ਼ਾ ਦੇਵੇਗੀ ਇਹ ਵੀ ਦੇਖਣਾ ਪਵੇਗਾ।
ਅਕਾਲੀ ਦਲ ਲਈ ਗਿੱਦੜਬਾਹਾ ਸੀਟ ਇਸ ਲਈ ਵੱਡੀ ਚੁਣੌਤੀ ਬਣ ਗਈ ਹੈ ਜਿਸ ਵਿਅਕਤੀ ਪਿੱਛੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈਆਂ ਨੂੰ ਨਰਾਜ਼ ਕੀਤਾ ਉਹ ਆਪ ਵਿਚ ਸ਼ਾਮਲ ਹੋ ਗਿਆ ਹੈ। ਪਾਰਟੀ ਪ੍ਰਧਾਨ ਨੂੰ ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਹੀ ਤਨਖਾਹੀਆਂ ਘੋਸ਼ਿਤ ਕੀਤਾ ਹੋਇਆ ਹੈ। ਇਹਨਾਂ ਹਾਲਾਤਾਂ ਵਿਚ ਉਹ ਚੋਣ ਪ੍ਰਚਾਰ ਕਰ ਸਕਣਗੇ। ਦੂਜਾ ਵੱਡੀ ਮੁਸੀਬਤ ਵਿਰਸਾ ਸਿੰਘ ਵਲਟੋਹਾ ਨੇ ਪੈਦਾ ਕਰ ਦਿੱਤੀ ਹੈ। ਪਾਰਟੀ ਦੇ ਕਈ ਸੀਨੀਅਰ ਨੇਤਾ ਬਗਾਵਤ ਕਰੀ ਬੈਠੇ ਹਨ। ਇਹਨਾਂ ਹਾਲਤਾਂ ਵਿਚ ਅਕਾਲੀ ਦਲ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪਵੇਗੀ।