ਚੰਡੀਗੜ੍ਹ 20 ਅਕਤੂਬਰ (ਖ਼ਬਰ ਖਾਸ ਬਿਊਰੋ )
ਇਸਨੂੰ ਕਿਸਾਨਾਂ ਦੀ ਆਪਸੀ ਗੁਟਬਾਜ਼ੀ ਕਹੀਏ ਜਾਂ ਫਿਰ ਸੰਘਰਸ਼ ਦੀ ਰਣਨੀਤੀ। ਹਾਲਾਂਕਿ ਕਿਸਾਨਾਂ ਦੇ ਮਸਲਿਆਂ ਉਤੇ ਕਿਸਾਨ ਯੂਨੀਅਨਾਂ ਇਕ ਮੰਚ ਉਤੇ ਆ ਜਾਂਦੀਆਂ ਹਨ, ਪਰ ਕਈ ਮਸਲੇ ਅਜਿਹੇ ਹਨ, ਜਿਥੇ ਯੂਨੀਅਨਾਂ ਆਪਣੇ ਅਲੱਗ ਅਲੱਗ ਪ੍ਰੋਗਰਾਮ ਉਲੀਕਦੀਆਂ ਹਨ। ਜਿਸ ਨਾਲ ਕਿਸਾਨ ਜਥੇਬੰਦੀਆਂ ਵਿਚ ਗੁਟਬਾਜ਼ੀ ਦਾ ਪਰਛਾਵਾਂ ਪੈਂਦਾ ਹੈ।
ਬੀਤੇ ਕੱਲ ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਕਈ ਜਥੇਬੰਦੀਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਕਿਸਾਨ ਭਵਨ ਵਿਖੇ ਲੱਗਿਆ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲਖੋਵਾਲ, ਰੁਲਦਾ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆ ਤੇ ਹੋਰਾਂ ਨੇ ਸਰਕਾਰ ਦੀ ਦੋ ਦਿਨਾਂ ਮੰਗ ਉਤੇ ਚਾਰ ਦਿਨਾਂ ਦੀ ਮੌਹਲਤ ਦੇ ਦਿੱਤੀ ਹੈ, ਪਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਪਣਾ ਅੰਦੋਲਨ ਨਿਰੰਤਰ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਝੋਨੇ ਦੀ ਖ੍ਰੀਦ 4 ਦਿਨਾਂ ਵਿੱਚ ਨਿਰਵਿਘਨ ਚਾਲੂ ਕਰਨ ਦਾ ਮਾਨ ਸਰਕਾਰ ਦਾ ਭਰੋਸਾ ਅਮਲੀ ਰੂਪ ਵਿੱਚ ਤਸੱਲੀਬਖ਼ਸ਼ ਢੰਗ ਨਾਲ ਲਾਗੂ ਹੋਣ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲ਼ੋਂ ਟੌਲ ਪਲਾਜਿਆਂ ਅਤੇ ਸਿਆਸੀ ਆਗੂਆਂ ਵਿਰੁੱਧ ਚੱਲ ਰਹੇ ਪੱਕੇ ਧਰਨੇ ਬਾਦਸਤੂਰ ਜਾਰੀ ਰੱਖੇ ਜਾਣਗੇ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਢਾਈ ਸਾਲਾਂ ਦਾ ਤਜਰਬਾ ਦੱਸਦਾ ਹੈ ਕਿ ਮਾਨ ਸਰਕਾਰ ਦੇ ਭਰੋਸੇ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ। ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਹੋਰ ਵੀ ਵਧੇਰੇ ਜੋਸ਼ ਨਾਲ ਸ਼ਮੂਲੀਅਤ ਜਾਰੀ ਰੱਖੀ ਜਾਵੇ ਤਾਂ ਕਿ ਝੋਨੇ ਦੀ ਨਿਰਵਿਘਨ ਖਰੀਦ ਨੂੰ ਅਮਲੀ ਰੂਪ ਵਿਚ ਤਸੱਲੀਬਖ਼ਸ਼ ਢੰਗ ਨਾਲ ਲਾਗੂ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।