ਚੰਡੀਗੜ੍ਹ 18 ਅਕਤੂਬਰ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਦੇਣ ਆਏ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਕਿਸਾਨ ਭਵਨ ਅੰਦਰ ਡੱਕੀ ਰੱਖਿਆ। ਜਿਸ ਕਰਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਪੁਲਿਸ ਨੇ ਠੁੱਸ ਕਰਕੇ ਰੱਖ ਦਿੱਤਾ। ਮੁੱਖ ਮੰਤਰੀ ਸੁੱਕਰਵਾਰ ਨੂੰ ਦਿੱਲੀ ਵਿਖੇ ਸਨ। ਮੁੱਖ ਸਕੱਤਰ ਨੇ ਸ਼ਨੀਵਾਰ ਸ਼ਾਮ ਚਾਰ ਵਜੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਕਿਸਾਨ ਆਗੂਆਂ ਨੂੰ ਸੱਦਾ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਝੋਨੇ ਦੀ ਖਰੀਦ, ਲਿਫਟਿੰਗ ਅਤੇ ਸੈਲਰਾਂ ਵਿਚੋਂ ਚੌਲ ਚੁੱਕਣ ਦੀ ਮੰਗ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੀ ਰਿਹਾਇਸ਼ ਵਲ ਵੱਧਣ ਤੋਂ ਪਹਿਲਾਂ ਕਿਸਾਨ ਆਗੂ ਕਿਸਾਨ ਭਵਨ ਚੰਡੀਗੜ੍ਹ ਇਕੱਠੋ ਹੋਣੇ ਸ਼ੁਰੂ ਹੋ ਗਏ । ਕਿਸਾਨ ਭਵਨ ਦੇ ਬਾਹਰ ਚੰਡੀਗੜ੍ਹ ਪੁਲਿਸ, ਸੀ.ਆਰ.ਪੀ.ਐੱਫ, ਰੈਪਿਡ ਐਕਸ਼ਨ ਫੋਰਸ ਤੇ ਕਮਾਂਡੋ ਪੁਲਿਸ ਦਾ ਸਖ਼ਤ ਪਹਿਰਾ ਲਗਾਉਂਦੇ ਹੋਏ ਬੈਰੀਕੇਡਿੰਗ ਕਰ ਦਿੱਤੀ। ਕਿਸਾਨ ਭਵਨ ਅੰਦਰ ਤਾਂ ਜਾ ਰਹੇ ਸਨ ਪਰ ਗਰੁੱਪ ਵਿਚ ਕਿਸੇ ਕਿਸਾਨ ਨੂੰ ਬਾਹਰ ਨਾ ਨਿਕਲਣ ਦਿੱਤਾ। ਕਿਸਾਨ ਸਰਕਾਰ ਨੂੰ ਅੰਦਰ ਬੈਠੇ ਕੋਸਦੇ ਰਹੇ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਪੁਲਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਨੇ ਚੰਡੀਗੜ੍ਹ ਵਿਚ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਅਤੇ ਪੁਲਿਸ ਦੀ ਇਹ ਕਾਰਵਾਈ ਕਦੇ ਭੁੱਲੇਗੀ ਨਹੀਂ। ਰਾਜੇਵਾਲ ਨੇ ਕਿਹਾ ਕਿ ਝੋਨੇ ਦਾ ਸੀਜਨ ਸ਼ੁਰੂ ਹੋਏ ਨੂੰ 18 ਦਿਨ ਹੋ ਗਏ ਹਨ, ਅਜੇ ਤੱਕ ਮੰਡੀਆਂ ਵਿਚ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋਈ। ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ। ਖੇਤਾਂ ਵਿਚ ਝੋਨੇ ਦੇ ਛਿੱਟੇ ਟੁੱਟਣੇ ਸ਼ੁਰੂ ਹੋ ਗਏ ਹਨ।
ਰਾਜੇਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕਿਸਾਨ ਨੇਤਾ ਮਨਜੀਤ ਸਿੰਘ ਧਨੇਰ ਦੀ ਪੱਗ ਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਝੋਨੇ ਦੀ ਸਹੀ ਖਰੀਦ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਕਿਸਾਨ ਭਵਨ ਵਿਖੇ ਨਿਰੰਤਰ ਧਰਨਾ ਜਾਰੀ ਰਹੇਗਾ। ਰਾਜੇਵਾਲ ਨੇ ਕਿਹਾ ਕਿ ਇਹ ਇਕੱਲਾ ਕਿਸਾਨਾਂ ਦਾ ਮਸਲਾ ਨਹੀਂ ਬਲਕਿ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਮਸਲਾ ਹੈ। ਝੋਨੇ ਦਾ ਸੀਜਨ ਸ਼ੁਰੂ ਹੋਣ ਨਾਲ ਪੰਜਾਬ ’ਚ ਕਰੀਬ 48 ਹਜ਼ਾਰ ਕਰੋੜ ਰੁਪਏ ਆਉਣਾ ਹੈ। ਜਿਸ ਨਾਲ ਸੂਬੇ ਦੀ ਆਰਥਿਕਤਾ ਦਾ ਪਹੀਆ ਘੁੰਮਣਾ ਹੈ। ਉਨ੍ਹਾਂ ਕਿਹਾ ਕਿ ਅਸੀਂ (ਕਿਸਾਨ) ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਵਲੋਂ ਮਜਬੂਰ ਕੀਤੇ ਜਾਣ ਬਾਅਦ ਹੀ ਅਜਿਹਾ ਕਦਮ ਚੁੱਕਣਾ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਲਈ ਸੜ੍ਹਕਾਂ ’ਤੇ ਆਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਕਿਸਾਨ ਨੇਤਾ ਹਰਮੀਤ ਸਿੰਘ ਕਾਦੀਆ, ਮਨਜੀਤ ਸਿੰਘ ਧਨੇਰ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ ਤੇ ਹੋਰ ਆਗੂ ਹਾਜ਼ਰ ਸਨ।