ਚੰਡੀਗੜ੍ਹ, 16 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਅੱਜ ਵਿਜੈ ਕੁਮਾਰ ਜੰਜੂਆ ਨੂੰ ਪੰਜਾਬ ਪਾਰਦਰਸ਼ਤਾ ਅਤੇ ਜਵਾਬਦੇਹੀ ਕਮਿਸ਼ਨ ਦੇ ਨਵੇਂ ਚੀਫ਼ ਕਮਿਸ਼ਨਰ ਵਜੋਂ ਸਹੁੰ ਚੁਕਾਈ।
1989 ਬੈਚ ਦੇ ਪੰਜਾਬ ਕੇਡਰ ਦੇ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਵਿਜੈ ਕੁਮਾਰ ਜੰਜੂਆ ਨੇ ਪਹਿਲਾਂ ਸੂਬੇ ਦੇ ਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਸਨ। ਜ਼ਿਕਰਯੋਗ ਹੈ ਕਿ ਸ੍ਰੀ ਜੰਜੂਆ ਨੇ ਪੰਜਾਬ ਦੇ ਪੇਂਡੂ ਵਿਕਾਸ, ਉਦਯੋਗ, ਕਿਰਤ, ਪਸ਼ੂ ਪਾਲਣ ਸਮੇਤ ਵੱਖ-ਵੱਖ ਵਿਭਾਗਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੇ ਭਾਰਤ ਸਰਕਾਰ ਦੇ ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਵਿੱਚ ਉਦਯੋਗਾਂ ਦੇ ਡਾਇਰੈਕਟਰ ਵਜੋਂ ਤਿੰਨ ਸਾਲ ਸੇਵਾ ਨਿਭਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾਈਆਂ।
ਇਸ ਸਹੁੰ ਚੁੱਕ ਸਮਾਗਮ ਦਾ ਸੰਚਾਲਨ ਸਕੱਤਰ ਪ੍ਰਸੋਨਲ ਗੁਰਪ੍ਰੀਤ ਕੌਰ ਸਪਰਾ ਵੱਲੋਂ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਗੌਰੀ ਪਰਾਸ਼ਰ ਜੋਸ਼ੀ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਮਲ ਸੇਤੀਆ, ਡਾਇਰੈਕਟਰ ਪ੍ਰਸ਼ਾਸ਼ਨਿਕ ਸੁਧਾਰ ਗਿਰੀਸ਼ ਦਿਆਲਨ, ਵਿਸ਼ੇਸ਼ ਸਕੱਤਰ ਪ੍ਰਸੋਨਲ ਬਲਦੀਪ ਕੌਰ, ਵਧੀਕ ਸਕੱਤਰ ਤਾਲਮੇਲ ਰਾਹੁਲ ਅਤੇ ਵਧੀਕ ਸਕੱਤਰ ਪ੍ਰਸੋਨਲ ਨਵਜੋਤ ਕੌਰ ਮੌਜੂਦ ਸਨ।