ਚੰਡੀਗੜ੍ਹ, 14 ਅਕਤੂਬਰ (ਖ਼ਬਰ ਖਾਸ ਬਿਊਰੋ)
‘ਸਾਈਬਰ ਹੈਲਪਲਾਈਨ 1930’ ਨੂੰ ਹੋਰ ਮਜ਼ਬੂਤ ਕਰਨ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸਾਈਬਰ ਵਿੱਤੀ ਧੋਖਾਧੜੀ ਦੀ ਸਮੇਂ ਸਿਰ ਰਿਪੋਰਟ ਕਰਨ ਵਿੱਚ ਲੋਕਾਂ ਦੀ ਮਦਦ ਕਰਨ ਵਾਸਤੇ ‘ਸਾਈਬਰ ਹੈਲਪਲਾਈਨ 1930’ ਅਪਗ੍ਰੇਡਿਡ ਕਾਲ ਸੈਂਟਰ ਦਾ ਉਦਘਾਟਨ ਕੀਤਾ ਅਤੇ ਸਾਈਬਰ ਅਪਰਾਧਾਂ ਨਾਲ ਸਬੰਧਤ ਮੁੱਦਿਆਂ ਲਈ ਲੋਕਾਂ ਦੀ ਸਹਾਇਤਾ ਵਾਸਤੇ ‘ਸਾਈਬਰ ਮਿੱਤਰ ਚੈਟਬੋਟ’ ਵੀ ਲਾਂਚ ਕੀਤਾ। ਹੈਲਪਲਾਈਨ ਦੀ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ, ਡੀਜੀਪੀ ਨੇ ਉਦਘਾਟਨ ਦੌਰਾਨ 1930 ‘ਤੇ ਟ੍ਰਾਇਲ ਕਾਲ ਕਰਕੇ ਹੈਲਪਲਾਈਨ ਦੇ ਕੰਮਕਾਜ ਨੂੰ ਸਮਝਣ ਲਈ ਪ੍ਰਤੀਨਿਧੀ ਨਾਲ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਸਾਈਬਰ ਹੈਲਪਲਾਈਨ 1930 ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4ਸੀ) ਅਧੀਨ ਗ੍ਰਹਿ ਮੰਤਰਾਲੇ ਦੀ ਇੱਕ ਨਾਗਰਿਕ ਵਿੱਤੀ ਸਾਈਬਰ ਧੋਖਾਧੜੀ ਸਬੰਧੀ ਰਿਪੋਰਟਿੰਗ ਅਤੇ ਪ੍ਰਬੰਧਨ ਪ੍ਰਣਾਲੀ (ਸੀਐਫਸੀਐਫਆਰਐਮਐਸ) ਹੈ, ਜਿਸ ਨਾਲ ਇਸ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਹੋਣ ਤੋਂ ਤੁਰੰਤ ਬਾਅਦ ਸਾਈਬਰ ਵਿੱਤੀ ਧੋਖਾਧੜੀ ਦੇ ਪੀੜਤਾਂ ਦੇ ਪੈਸਿਆਂ ਨੂੰ ਦੋਸ਼ੀਆਂ/ਸ਼ੱਕੀਆਂ ਦੇ ਖਾਤਿਆਂ ਵਿੱਚ ਤੁਰੰਤ ਫ੍ਰੀਜ਼ ਕਰਨ ਵਿੱਚ ਸਹਾਇਤਾ ਮਿਲਦੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਹੈਲਪਲਾਈਨ 1930 ਸਤੰਬਰ 2021 ਵਿੱਚ ਕਾਰਜਸ਼ੀਲ ਕੀਤੀ ਗਈ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਅਤਿ-ਆਧੁਨਿਕ ਨਵੀਨਤਾਵਾਂ ਨਾਲ ਸਾਈਬਰ ਕ੍ਰਾਈਮ ਰਿਪੋਰਟਿੰਗ ਵਿੱਚ ਸੁਧਾਰ ਹੋਵੇਗਾ ਅਤੇ ਵਿੱਤੀ ਧੋਖਾਧੜੀ ਸਬੰਧੀ ਮਾਮਲਿਆਂ ਦਾ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇਗਾ ਜਿਸ ਨਾਲ ਨਾਗਰਿਕ ਡਿਜੀਟਲ ਸੰਸਾਰ ਵਿੱਚ ਸਸ਼ਕਤ ਬਣ ਸਕਣਗੇ। ਉਨ੍ਹਾਂ ਦੱਸਿਆ ਕਿ ਸਾਈਬਰ ਮਿੱਤਰ ਚੈਟਬੋਟ ਦਿਨ-ਰਾਤ ਸਹਾਇਤਾ ਅਤੇ ਤੁਰੰਤ ਜਵਾਬ ਸਮੇਤ ਤਤਕਾਲ ਜਾਣਕਾਰੀ ਤੱਕ ਪਹੁੰਚ ਨੂੰ ਯਕੀਨੀ ਬਣਾਏਗਾ ਜਿਸ ਨਾਲ ਨਾਗਰਿਕਾਂ ਦੇ ਵੇਰਵਿਆਂ ਦੀ ਸੁਰੱਖਿਆ ਲਈ ਗੁਪਤ ਰਿਪੋਰਟਿੰਗ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ 1930 ਹੈਲਪਲਾਈਨ ਅਤੇ ਐਨਸੀਆਰਪੀ ਪੋਰਟਲ ‘ਤੇ ਵੱਖ-ਵੱਖ ਸਾਈਬਰ ਧੋਖਾਧੜੀਆਂ ਸਬੰਧੀ 26,625 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਾਈਬਰ ਕ੍ਰਾਈਮ ਸੈੱਲ ਨੇ ਸਾਲ 2024 ਵਿੱਚ 17 ਫ਼ੀਸਦੀ ਦੀ ਸਫ਼ਲਤਾ ਦਰ ਨਾਲ ਸਾਈਬਰ ਧੋਖਾਧੜੀ ਦੇ ਪੀੜਤਾਂ ਦੇ ਖਾਤਿਆਂ ਵਿੱਚੋਂ ਚੋਰੀ ਕੀਤੇ ਫੰਡਾਂ ਨੂੰ ਸ਼ੱਕੀ ਧੋਖੇਬਾਜ਼ਾਂ ਦੇ ਬੈਂਕ ਖਾਤਿਆਂ ਵਿੱਚ ਫਰੀਜ਼/ਲੀਨ ਮਾਰਕ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੀੜਤਾਂ ਦੇ 57 ਕਰੋੜ ਰੁਪਏ ਦੀ ਰਕਮ ਧੋਖਾਧੜੀ ਕਰਨ ਵਾਲੇ/ਸ਼ੱਕੀ ਵਿਅਕਤੀਆਂ ਦੇ ਬੈਂਕ ਖਾਤਿਆਂ ਵਿੱਚ ਲੀਨ ਮਾਰਕ ਕੀਤੀ ਗਈ ਹੈ।
ਏਡੀਜੀਪੀ ਪੰਜਾਬ ਸਾਈਬਰ ਕ੍ਰਾਈਮ ਡਿਵੀਜ਼ਨ ਵੀ. ਨੀਰਜਾ ਨੇ ਡੀਜੀਪੀ ਪੰਜਾਬ ਨੂੰ ਦੱਸਿਆ ਕਿ ਪੰਜਾਬ ਰਾਜ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਸਾਈਬਰ ਅਪਰਾਧਾਂ ਨਾਲ ਨਜਿੱਠਣ, ਲੋਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਪੁਲਿਸ ਦੀਆਂ ਸਮਰੱਥਾਵਾਂ ਵਧਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਰਚ 2024 ਵਿੱਚ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ 28 ਨਵੇਂ ਸਾਈਬਰ ਪੁਲਿਸ ਸਟੇਸ਼ਨਾਂ ਦੀ ਸਥਾਪਨਾ ਕੀਤੀ ਗਈ ਜਿਸ ਨਾਲ 205 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਜਾਂਚ ਕੀਤੀ ਗਈ।
ਸਾਈਬਰ ਮਿੱਤਰ ਚੈਟਬੋਟ ਕੀ ਹੈ?
ਸਾਈਬਰ ਮਿੱਤਰ ਚੈਟਬੋਟ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਦੀ ਇੱਕ ਨਵੀਨਤਮ ਪਹਿਲਕਦਮੀ ਹੈ ਅਤੇ ਕੋਈ ਵੀ ਵਿਅਕਤੀ ਸਾਈਬਰ ਅਪਰਾਧਾਂ ਦੀ ਰੋਕਥਾਮ ਅਤੇ ਰਿਪੋਰਟਿੰਗ ਸਬੰਧੀ ਮੁੱਦਿਆਂ ਬਾਰੇ ਤੁਰੰਤ ਜਾਣਕਾਰੀ ਪ੍ਰਾਪਤ ਕਰਨ ਲਈ “https://cybercrime.punjabpolice.gov.in” ‘ਤੇ ਲਾਗਇਨ ਕਰਕੇ ਇਸ ਤੱਕ ਪਹੁੰਚ ਕਰ ਸਕਦਾ ਹੈ।
ਸਾਈਬਰ ਮਿੱਤਰ ਚੈਟਬੋਟ ਦੇ ਕਈ ਮੁੱਖ ਲਾਭ ਹਨ, ਜਿਸ ਵਿੱਚ ਦਿਨ-ਰਾਤ ਸਹਾਇਤਾ ਸ਼ਾਮਲ ਹੈ, ਜਿਸ ਨਾਲ ਨਾਗਰਿਕ ਰਿਪੋਰਟਿੰਗ ਲਈ ਪੁਲਿਸ ਸਟੇਸ਼ਨ ਦੇ ਘੰਟਿਆਂ ਤੱਕ ਸੀਮਿਤ ਰਹਿਣ ਦੀ ਬਜਾਏ ਆਪਣੀ ਸਹੂਲਤ ਮੁਤਾਬਕ ਇਸ ਦੀ ਵਰਤੋਂ ਕਰ ਸਕਦੇ ਹਨ। ਇਹ ਸਾਈਬਰ ਅਪਰਾਧਾਂ ਦੀ ਰਿਪੋਰਟ ਕਰਨ ਜਾਂ ਮਦਦ ਲੈਣ ਲਈ ਸੁਰੱਖਿਅਤ ਅਤੇ ਗੈਰ-ਨਿਰਣਾਇਕ ਜ਼ਰੀਆ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਚੈਟਬੋਟ ਪੰਜਾਬ ਦੀ ਸਥਾਨਕ ਭਾਸ਼ਾ ਸਮੇਤ ਵੱਖ-ਵੱਖ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ ਜਿਸ ਨਾਲ ਭਾਸ਼ਾ ਸਬੰਧੀ ਰੁਕਾਵਟ ਨਹੀਂ ਰਹਿੰਦੀ।
ਜਲਦ ਹੀ, ਸਾਈਬਰ ਮਿੱਤਰ ਚੈਟਬੋਟ ਨੂੰ ਅਗਲੇ 15 ਦਿਨਾਂ ਦੇ ਅੰਦਰ ਵਟਸਐਪ ਪਲੇਟਫਾਰਮ ਨਾਲ ਜੋੜਿਆ ਜਾਵੇਗਾ, ਜਿਸ ਨਾਲ ਇਸ ਪਹੁੰਚ ਅਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਵੇਗਾ।