ਹੁਬਲੀ, (ਕਰਨਾਟਕ),22 ਅਪ੍ਰੈਲ (ਖ਼ਬਰ ਖਾਸ ਬਿਊਰੋ)
ਨੇਹਾ ਹੀਰੇਮਠ ਦੀ ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਸਿਰਫ 30 ਸੈਕਿੰਡਾਂ ‘ਚ ਉਸ ਨੂੰ 14 ਵਾਰ ਚਾਕੂ ਮਾਰਿਆ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਉਸ ਦੀ ਛਾਤੀ ਅਤੇ ਗਰਦਨ ‘ਤੇ ਚਾਕੂ ਮਾਰਿਆ ਸੀ। ਪੁਲੀਸ ਸੂਤਰਾਂ ਨੇ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ,‘ਨੇਹਾ ਦੀ ਗਰਦਨ ਵਿੱਚ ਕਈ ਵਾਰ ਚਾਕੂ ਮਾਰਿਆ ਗਿਆ ਅਤੇ ਨਤੀਜੇ ਵਜੋਂ ਉਸ ਦੀਆਂ ਖੂਨ ਦੀਆਂ ਨਾੜੀਆਂ ਕੱਟੀਆਂ ਗਈਆਂ ਸਨ ਤੇ ਜ਼ਿਆਦਾ ਖੂਨ ਵਹਿ ਗਿਆ ਸੀ, ਜਿਸ ਤੋਂ ਬਾਅਦ ਨੇਹਾ ਨੇ ਦਮ ਤੋੜ ਦਿੱਤਾ।’ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਨੇਹਾ ਦੀ ਛਾਤੀ ਅਤੇ ਪੇਟ ‘ਤੇ ਹਮਲਾ ਕੀਤਾ ਪਰ ਜਿਵੇਂ ਹੀ ਉਹ ਡਿੱਗ ਗਈ, ਉਸ ਨੇ ਉਸ ਦੇ ਪੂਰੇ ਸਰੀਰ ‘ਤੇ ਲਗਾਤਾਰ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਉਸ ਦਾ ਗਲਾ ਵੱਢਣ ਦੀ ਕੋਸ਼ਿਸ਼ ਵੀ ਕੀਤੀ ਸੀ। ਨੇਹਾ ਹੀਰੇਮਠ ਹੁਬਲੀ ਦੇ ਬੀਵੀਬੀ ਕਾਲਜ ਵਿੱਚ ਐੱਮਸੀਏ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਹੱਤਿਆ ਫਯਾਜ਼ ਕੋਂਡੀਕੋਪਾ ਨੇ ਕੀਤੀ। ਦੋਵੇਂ ਬੀਸੀਏ ਵਿੱਚ ਇਕੱਠੇ ਪੜ੍ਹਦੇ ਸਨ ਅਤੇ ਦੋਸਤ ਸਨ। ਫਯਾਜ਼ ਨੇ ਬੀਸੀਏ ਤੋਂ ਬਾਅਦ ਆਪਣੀ ਪੜ੍ਹਾਈ ਬੰਦ ਕਰ ਦਿੱਤੀ ਸੀ। ਨੇਹਾ ਦੇ ਪਿਤਾ ਕਾਂਗਰਸੀ ਕਾਰਪੋਰੇਟਰ ਨੇ ਦੱਸਿਆ ਕਿ ਮੁਲਜ਼ਮ ਸਾਲਾਂ ਤੋਂ ਉਨ੍ਹਾਂ ਦੀ ਬੇਟੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨਾ ਚਾਹੁੰਦਾ ਸੀ। ਜਦੋਂ ਉਸ ਦੇ ਇਰਾਦੇ ਕਾਮਯਾਬ ਨਾ ਹੋਏ ਤਾਂ ਉਸ ਨੇ ਨੇਹਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ।