ਚੰਡੀਗੜ 13 ਅਕਤੂਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਤਕ ਮੀਟਿੰਗਾਂ ਨੂੰ ਲੈ ਕੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਬੀਤੇ ਇੱਕ ਹਫ਼ਤੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਜਸਵੰਤ ਸਿੰਘ ਪੂੜੈਣ, ਇੰਦਰਮੋਹਨ ਸਿੰਘ ਲਖਮੀਰਵਾਲਾ, ਅਤੇ ਮਲਕੀਤ ਕੌਰ ਕਮਾਲਪੁੱਰ ਤਿੰਨੇ ਐਸਜੀਪੀਸੀ ਦੇ ਐਗਜੈਕਟਿਵ ਮੈਂਬਰ ਅਤੇ ਭਾਈ ਮਨਜੀਤ ਸਿੰਘ, ਸੁਰਿੰਦਰ ਸਿੰਘ ਭੁਲੇਵਾਲ, ਮਹਿੰਦਰ ਸਿੰਘ ਹੁਸੈਨਪੁੱਰ, ਕੁਲਦੀਪ ਕੌਰ ਟੌਹੜਾ, ਅਮਰਿਕ ਸਿੰਘ ਸਾਹਪੁੱਰ, ਜਰਨੈਲ ਸਿੰਘ ਕਰਤਾਰਪੁੱਰ, ਮਿੱਠੂ ਸਿੰਘ ਕਾਹਨੇਕੇ, ਪਰਮਜੀਤ ਕੀਰ ਲਾਡਰਾਂ, ਮਲਕੀਤ ਸਿੰਘ ਚੰਗਾਲ ਅਤੇ ਸਤਵਿੰਦਰ ਸਿੰਘ ਟੌਹੜਾ, ਸਾਰੇ 13 ਐਸਜੀਪੌਸੀ ਮੈਬਰਾਂ ਵੱਲੋ ਸਾਂਝੇ ਰੂਪ ਵਿੱਚ ਸਵਾਲ ਚੁੱਕੇ ਹਨ।
ਜਾਰੀ ਪ੍ਰੈਸ ਨੋਟ ਵਿੱਚ ਆਗੂਆਂ ਨੇ ਕਿਹਾ ਕਿ, ਸੁਧਾਰ ਲਹਿਰ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਿਹੜੇ ਵਲਵਲੇ ਵਿਰਸਾ ਸਿੰਘ ਵਲਟੋਹਾ ਨੇ ਸਾਂਝੇ ਕੀਤੇ ਸਨ ਦਰਅਸਲ ਉਹ ਵਲਵਲੇ ਨਹੀਂ ਸਨ, ਸਗੋ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਉਤੇਜਨਾ ਸੀ, ਜਿਸ ਨੂੰ ਵਿਰਸਾ ਸਿੰਘ ਵਲਟੋਹਾ ਜਰੀਏ ਪੇਸ਼ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ, ਖਦਸ਼ਾ ਉਸ ਵੇਲੇ ਹੀ ਸੀ ਕਿ ਜਿਸ ਤਰਾਂ ਵਿਰਸਾ ਸਿੰਘ ਵਲਟੋਹਾ ਲਗਾਤਾਰ ਪੰਥਕ ਮਰਿਯਾਦਾ ਦੀ ਘਾਣ ਵਾਲੇ ਬਿਆਨ ਦੇ ਰਹੇ ਹਨ, ਓਸ ਦੇ ਪਿੱਛੇ ਵੱਡੀ ਪੰਥਕ ਵਿਰੋਧੀ ਸਾਜਿਸ਼ ਛੁਪੀ ਹੋਈ ਹੈ, ਜਿਸ ਤਰੀਕੇ ਸਾਲ 2012 ਵਿੱਚ ਵੋਟਾਂ ਦੀ ਸੌਦੇਬਾਜ਼ੀ ਕਰਕੇ ਪੌਸਾਕ ਵਾਲੇ ਕੇਸ ਦੀ ਕੈਸਲੇਸਨ ਭਰਵਾਈ ਤੇ 2014 ਇਲੈਕਸਨ ਵੇਲੇ ਮਨਜ਼ੂਰ ਕਰਵਾਈ ਸੀ। ਸਾਲ 2015 ਵਿੱਚ ਠੀਕ ਇਹਨਾ ਦਿਨਾਂ ਵਿੱਚ ਝੂਠੇ ਸਾਧ ਨੂੰ ਮੁਆਫੀ ਦੇਣਾ, ਫਿਰ ਐਸਜੀਪੀਸੀ ਤੇ ਦਬਾਅ ਬਣਾ ਕੇ 92 ਲੱਖ ਦੇ ਇਸ਼ਤਿਹਾਰ ਦਿਵਾਉਣਾ, ਇੱਕ ਗਿਣੀ ਮਿਥੀ ਸ਼ਾਜਿਸ ਤਹਿਤ ਕੀਤਾ ਗਿਆ ਸੀ , ਹੁਣ ਉਸ ਤਰਾਂ ਦੀ ਗਿਣੀ ਮਿਥੀ ਸਾਜਿਸ਼ ਤਹਿਤ ਸਿੰਘ ਸਾਹਿਬਾਨ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਬਾਰੇ ਤੇ ਖਾਸਕਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਇਹ ਖੁੱਲਮ ਖੁੱਲਾ ਇਲਜਾਮ ਲਗਾ ਦੇਣਾ ਕਿ, ਸਿੰਘ ਸਾਹਿਬਾਨ ਆਰਐੱਸਐੱਸ ਤੋਂ ਆਏ ਹੁਕਮਾਂ ਤਹਿਤ ਚਲਦੇ ਹਨ, ਜਿਸ ਤੋਂ ਸਾਫ਼ ਹੈ ਕਿ ਵਿਰਸਾ ਸਿੰਘ ਵਲਟੋਹਾ ਜਾਣ ਬੁੱਝ ਕੇ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਘਾਣ ਕਰਨ ਵਿੱਚ ਜੁਟੇ ਹੋਏ ਹਨ। ਜੋ ਬਾਦਲਾਂ ਨਾਲ ਹੋਵੇ ਤੇ ਉਨਾਂ ਦੇ ਕਹਿਣ ਮੁਤਾਬਕ ਚੱਲਣ ਸਿਰਫ ਉਨਾਂ ਨੂੰ ਹੀ ਇਹ ਪੰਥਕ ਮੰਨਦੇ ਹਨ। ਹਾਲਾਕਿ ਵਾਸਤਵਿਕਤਾ ਜਾਂ ਪੰਥ ਦਾ ਘੇਰਾ ਬੜਾ ਵਿਸ਼ਾਲ ਹੈ ਤੇ ਇਹ ਪੰਥ ਨੂੰ ਤਿਲਾਂਜਲੀ ਦੇਣ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਤਿਲਾਂਜਲੀ ਦੇਣ ਨਾਲ ਨਾਲ ਕਟਹਿਰੇ ਚ ਖੜਾ ਕਰ ਰਹੇ ਹਨ। ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।
ਇਸ ਦੇ ਨਾਲ ਆਗੂਆਂ ਨੇ ਕਿਹਾ ਕਿ, ਸਿਰਫ ਵਿਰਸਾ ਸਿੰਘ ਵਲਟੋਹਾ ਹੀ ਨਹੀਂ, ਓਹਨਾ ਦੇ ਬਹੁਤ ਸਾਰੇ ਸਾਥੀ ਕਈ ਵਾਰ ਬਿਆਨਬਾਜੀ ਕਰ ਚੁੱਕੇ ਹਨ, ਜਿਸ ਵਿੱਚ ਉਹਨਾਂ ਬੀਜੇਪੀ ਅਤੇ ਆਰਐਸਐਸ ਦਾ ਜਿਕਰ ਕੀਤਾ ਹੈ। ਇਹ ਸਾਰੇ ਲੀਡਰ ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਨੂੰ ਛੁਪਾਉਣ ਵਾਸਤੇ ਇਸ ਤਰਾਂ ਦੇ ਸ਼ਾਜਿਸ ਤਹਿਤ ਇਲਜਾਮ ਰਹੇ ਹਨ। ਸਿੰਘ ਸਾਹਿਬਾਨਾਂ ਬਾਰੇ ਜੋ ਬਿਆਨ ਦਿੱਤਾ ਗਿਆ, ਉਸ ਵਿੱਚ ਇਹਨਾਂ ਨੇਤਾਵਾਂ ਦੀ ਮਾਨਸਿਕਤਾ ਨਜਰ ਝਲਕ ਰਹੀ ਹੈ। ਇਹ ਸੋਚ ਰਹੇ ਹਨ ਕਿ ਸਿੰਘ ਸਾਹਿਬਾਨ ਸਾਡੇ ਮੁਤਾਬਿਕ ਫੈਸਲਾ ਲੈਣ ਅਤੇ ਅਗਰ ਓਹ ਸਿੱਖ ਕੌਮ ਦੀਆਂ ਭਾਵਨਾਵਾਂ ਤਹਿਤ ਫੈਸਲਾ ਲੈਂਦੇ ਹਨ ਤਾਂ ਓਹਨਾ ਉਪਰ ਤੋਹਮਤ ਲਗਾਈ ਜਾਂਦੀ ਹੈ। ਸਿੱਖ ਕੌਮ ਲਈ ਦਾ ਇਹ ਮਸਲਾ ਬਹੁਤ ਗੰਭੀਰ ਭਾਵਨਾਤਮਕ ਹੈ। ਹਮੇਸ਼ਾ ਸਿੰਘ ਸਾਹਿਬਾਨ ਨੇ ਸਾਰੇ ਪੱਖਾਂ ਤੋ ਵਿਚਾਰ ਕਰਕੇ ਹੀ ਫੈਸਲਾ ਲੈਣਾ ਹੈ। ਇਹ ਇਲਜਾਮ ਸਿੰਘ ਸਾਹਿਬਾਨਾਂ ਤੇ ਲਗਾਉਣਾ ਵਿਰਸਾ ਸਿੰਘ ਵਲਟੋਹਾ ਦੀ ਖੋਖਲੀ, ਭੀੜੀ ਤੇ ਘਟੀਆ ਸੋਚ ਦੀ ਨਿਸ਼ਾਨੀ ਨੂੰ ਪੇਸ਼ ਕਰਦੀ ਹੈ। ਵਿਰਸਾ ਸਿੰਘ ਵਲਟੋਹਾ ਸਿੰਘ ਸਾਹਿਬਾਨਾਂ ਦਾ ਮਾਣ ਸਤਿਕਾਰ ਭੁੱਲ ਚੁੱਕੇ ਹਨ, ਹੁਣ ਘਬਰਾਹਟ ਵਿੱਚ ਆ ਕੇ ਓਹਨਾ ਦੀ ਸੇਵਾ ਤੇ ਉਂਗਲ ਚੁੱਕ ਰਹੇ ਹਨ।
ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ, ਜਿਨਾ ਨੁਕਸਾਨ ਸਿੱਖ ਪੰਥ ਦਾ ਸੁਖਬੀਰ ਸਿੰਘ ਬਾਦਲ ਵਲੋ ਲਏ ਗਏ ਫੈਸਲਿਆਂ ਕਰਕੇ ਹੋ ਚੁੱਕਾ ਹੈ, ਉਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ, ਜਿਸ ਦਾ ਵਿਰਸਾ ਸਿੰਘ ਵਲਟੋਹਾ ਨੂੰ ਚਾਪਲੂਸੀ ਦੀ ਹੱਦ ਪਾਰ ਕਰਨ ਲੱਗਿਆ ਅੰਦਾਜਾ ਤੱਕ ਨਹੀਂ ਹੈ। ਪਰ ਅਗਰ ਸੁਖਬੀਰ ਸਿੰਘ ਬਾਦਲ ਨੂੰ ਕੁਛ ਹਫਤੇ ਹੋਏ ਹਨ ਤਨਖਾਹੀਆ ਕਰਾਰ ਦਿੱਤੇ, ਉਸ ਨੂੰ ਲੈਕੇ ਵਿਰਸਾ ਸਿੰਘ ਵਲਟੋਹਾ ਦੇ ਮਨ ਵਿਚ ਬੜੀ ਉਤੇਜਨਾ ਪੈਦਾ ਹੋਈ ਹੈ । ਸਿੱਖ ਪੰਥ ਵਾਸਤੇ ਤਿਆਗ, ਕੁਰਬਾਨੀ, ਕਰਨੀ ਤੁਹਾਡੇ ਲਈ ਦੂਰ ਦੀ ਗੱਲ ਹੈ ਲੇਕਿਨ ਅਕਾਲ ਤਖ਼ਤ ਸਾਹਿਬ ਵਲੋਂ ਤੁਹਾਡੇ ਕੀਤੇ ਪਾਪਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਫੈਸਲਾ ਲਿਆ ਗਿਆ ਤੁਸੀ ਉਸ ਨੂੰ ਮੰਨਣ ਤੋਂ ਇਨਕਾਰੀ ਜਾਪਦੇ ਨਜਰ ਆ ਰਹੇ ਹੋ, ਫੈਸਲਾ ਸਵੀਕਾਰ ਕਰਨਾ ਤੁਹਾਡੇ ਲਈ ਬਹੁਤ ਵੱਡਾ ਬੋਝ ਹੈ। ਇਸ ਕਰਕੇ ਤਰਲੋ ਮੱਛੀ ਹੋਕੇ ਤੁਸੀ ਸਿੰਘ ਸਾਹਿਬਾਨਾਂ ਉੱਪਰ ਇਸ ਤਰਾ ਦੇ ਇਲਜਾਮ ਲਗਾ ਰਹੇ ਹੋ। ਜਿਸ ਦਲਦਲ ਵਿੱਚ ਸਿੱਖ ਪੰਥ ਨੂੰ ਸੁਖਬੀਰ ਸਿੰਘ ਬਾਦਲ ਅਤੇ ਤੁਹਾਡੇ ਵਰਗੇ ਸਲਾਹਕਾਰਾਂ ਨੇ ਫਸਾ ਦਿੱਤਾ ਹੈ ਉਸ ਵਿੱਚੋ ਕੱਢਣ ਲਈ ਅਗਰ ਕੋਈ ਸੁਹਿਰਦ ਉਪਰਾਲਾ ਤੇ ਫੈਸਲੇ ਸਿੰਘ ਸਾਹਿਬਾਨ ਵੱਲੋਂ ਲਏ ਜਾਂਦੇ ਹਨ ਤੁਹਾਨੂੰ ਓਹ ਮਾਫ਼ਕ ਨਹੀਂ ਬੈਠਦੇ।
ਅੱਜ ਸਮੁੱਚਾ ਪੰਥ ਅਤੇ ਸਿੱਖ ਕੌਮ ਸਿੰਘ ਸਾਹਿਬਾਨਾਂ ਦੇ ਫੈਸਲੇ ਨੂੰ ਉਡੀਕ ਰਹੀ ਹੈ ਜਿਸ ਵਿਚ ਓਹਨਾ ਨੂੰ ਸਿੱਖ ਪੰਥ ਦੀ ਮਰਿਯਾਦਾ ਤੇ ਪ੍ਰੰਪਰਾਵਾਂ ਨੂੰ ਮੁੱਖ ਰੱਖ ਦਿਆਂ ਕੌਮ ਦੀ ਭਾਵਨਾ ਅਨੁਸਾਰ ਸਜ਼ਾ ਸੁਣਾਉਣੀ ਹੈ। ਪਰ ਤੁਸੀ ਅਤੇ ਤੁਹਾਡੇ ਸਾਥੀ ਇਸ ਸਾਰੇ ਮਸਲੇ ਨੂੰ ਭੰਬਲਭੂਸੇ ਵਿਚ ਪਾਉਣ ਦੇ ਮਕਸਦ ਨਾਲ ਸਿੱਖ ਸੰਗਤ ਦੇ ਮੰਨੇ ਵਿੱਚ ਦੁਬਿਧਾ ਪਾਉਣ ਦਾ ਕਾਰਜ ਕਰ ਰਹੇ ਹੋ।
ਇਸ ਦੇ ਨਾਲ ਹੀ ਇੱਕ ਨਿੱਜੀ ਅਦਾਰੇ ਦੇ ਐਡੀਟਰ ਨਾਲ ਕੀਤੀ ਟੈਲੀਫੋਨਿਕ ਇੰਟਰਵਿਊ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨੂੰ ਵੀ ਘੇਰੇ ਵਿੱਚ ਲਿਆਂਦਾ ਹੈ। ਜਿਸ ਕਨਸੋਆ ਦਾ ਜਿਕਰ ਵਿਰਸਾ ਸਿੰਘ ਵਲਟੋਹਾ ਕਰ ਰਹੇ ਹਨ, ਉਸ ਵਿੱਚ ਓਹਨਾ ਨੇ ਇਸ ਕਨਸੋਅ ਦਾ ਹਵਾਲਾ ਕਿਉ ਨਹੀਂ ਦਿੱਤਾ ਕਿ, ਇੱਕ ਤਨਖਾਹੀਆ ਸਿੱਖ ਬੀਤੇ ਦਿਨ ਐਸਜੀਪੀਸੀ ਮੈਂਬਰਾਂ ਨੂੰ ਤਲਬ ਕਰਦਾ ਹੈ ਤੇ ਅਗਲੇ ਹੁਕਮ ਜਾਰੀ ਕਰਦਾ, ਸਿੱਖ ਮਰਿਯਾਦਾ ਅਨੁਸਾਰ ਇੱਕ ਤਨਖਾਹੀਆ ਕੀ, ਕਿਸੇ ਐਸਜੀਪੀਸੀ ਮੈਂਬਰ ਨੂੰ ਬੁਲਾ ਸਕਦਾ ਹੈ। ਫਿਰ ਇੱਕ ਪੋਸਟ ਵਿਚ ਵਿਰਸਾ ਸਿੰਘ ਵਲਟੋਹਾ ਲਿਖਦੇ ਹਨ ਕਿ , ਸੁਖਬੀਰ ਸਿੰਘ ਬਾਦਲ ਸਵਾ ਮਹੀਨੇ ਬਾਅਦ ਬਾਹਰ ਨਿਕਲ ਆਏ ਹਨ, ਕੀ ਸਿੱਖ ਮਰਿਯਾਦਾ ਤਹਿਤ , ਇੱਕ ਤਨਖਾਹੀਆ ਲਈ ਸਵਾ ਮਹੀਨਾ ਤੈਅ ਕੀਤਾ ਗਿਆ ਹੈ, ਜਾਂ ਫਿਰ ਆਪਣੇ ਆਪ ਹੀ ਵਿਰਸਾ ਸਿੰਘ ਵਲਟੋਹਾ ਨੇ ਸਮਾਂ ਬੱਧਤਾ ਤੈਅ ਕਰਕੇ ਪੰਥਕ ਇਤਿਹਾਸ ਵਿੱਚ ਤਨਖਾਹੀਆ ਸਿੱਖ ਲਈ ਸਮਾਂ ਸੀਮਾ ਤੈਅ ਕਰ ਦਿੱਤੀ ਹੈ।
ਆਗੂਆਂ ਨੇ ਕਿਹਾ ਕਿ, ਵਿਰਸਾ ਸਿੰਘ ਵਲਟੋਹਾ ਸਿੱਖ ਕੌਮ ਅਤੇ ਪੰਥ ਦਾ ਸਭ ਤੋਂ ਵੱਡਾ ਘਾਣ ਕਰ ਰਹੇ ਹਨ। ਬੀਤੇ ਇੱਕ ਹਫ਼ਤੇ ਤੋਂ ਦਿੱਤੇ ਗਏ ਬਿਆਨ ਜਾਂ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਤੋ ਸਪੱਸ਼ਟ ਹੈ ਕਿ ਵਿਰਸਾ ਸਿੰਘ ਵਲਟੋਹਾ ਪੰਥ ਦਾ ਸਭ ਤੋਂ ਵੱਡਾ ਦੋਖੀ ਹੈ। ਜਿਸ ਨੇ ਸਭ ਤੋਂ ਪਹਿਲਾਂ ਇਕ ਨਿੱਜੀ ਟੀਵੀ ਤੇ ਤਨਖਾਹੀਆ ਸਿੱਖ ਨਾਲ ਨਾ ਵਰਤਣ ਬਾਰੇ ਵਿਆਖਿਆ ਕੀਤੀ ਸੀ ਪਰ ਅਜ ਵਿਰਸਾ ਸਿੰਘ ਵਲਟੋਹਾ ਆਪਣੀ ਅੰਤਰ ਆਤਮਾ ਨੂੰ ਵੀ ਪੰਥ ਵਿਰੋਧੀ ਕਾਰਜਾਂ ਵਿੱਚ ਸ਼ਾਮਿਲ ਕਰ ਰਹੇ ਹਨ।
ਇਸ ਤੋਂ ਇਲਾਵਾ ਸੁਧਾਰ ਲਹਿਰ ਦੇ ਆਗੂਆਂ ਨੇ ਸਵਾਲ ਕੀਤਾ ਕਿ, ਅੱਜ ਦਾ ਦਿਨ ਸਿੱਖ ਇਤਿਹਾਸ ਵਿਚ ਕਾਲੇ ਦਿਨ ਵਜੋ ਮਨਾਇਆ ਜਾਂਦਾ ਹੈ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਲਈ ਇਨਸਾਫ਼ ਮੰਗ ਰਹੀ ਰੱਬੀ ਰੂਹ ਸੰਗਤ ਤੇ ਗੋਲੀ ਚਲਾਈ ਗਈ ਸੀ, ਜਿਸ ਵਿਚ ਦੋ ਸਿੰਘ ਸ਼ਹੀਦ ਹੋਏ ਸਨ। ਠੀਕ ਓਹਨਾ ਤਰੀਖਾਂ ਵਿਚ ਵਿਰਸਾ ਸਿੰਘ ਵਲਟੋਹਾ ਵਲੋਂ ਜਥੇਦਾਰ ਸਹਿਬਾਨਾਂ ਨੂੰ ਲੈਕੇ ਦਿੱਤੇ ਜਾ ਰਹੇ ਬਿਆਨ, ਜਖਮਾਂ ਤੇ ਨਮਕ ਪਾਉਣ ਦਾ ਕੰਮ ਕਰਦੇ ਹਨ।
ਆਗੂਆਂ ਨੇ ਕਿਹਾ ਕਿ, ਸਿੱਧੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸਵਾਲ ਕੀਤਾ, ਕਿ ਭੂੰਦੜ ਸਾਹਿਬ ਇਸ ਗੱਲ ਨੂੰ ਸਪਸ਼ਟ ਕਰਨ ਕਿ, ਕਿ ਓਹ ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਨਾਲ ਇਤਫ਼ਾਕ ਰੱਖਦੇ ਹਨ ਜਾਂ ਨਹੀਂ। ਜੇਕਰ ਇਤਫ਼ਾਕ ਰੱਖਦੇ ਹਨ ਤਾਂ ਪ੍ਰੈਸ ਕਾਨਫਰੰਸ ਕਰਕੇ ਦੱਸਣ ਦੀ ਖੇਚਲ ਕਰਨ ਕਿ ਕਿਸ ਆਰਐਸਐਸ ਦੇ ਪ੍ਰੋਗਰਾਮ ਵਿੱਚ ਸਿੰਘ ਸਾਹਿਬਾਨ ਹਾਜਰ ਹੋਏ, ਕਿਹੜੀ ਨੇੜਤਾ ਹੈ ਅਤੇ ਕੀ ਦਖਲ ਹੈ। ਜੇਕਰ ਨਹੀਂ ਤਾਂ ਵਿਰਸਾ ਸਿੰਘ ਵਲਟੋਹਾ ਨੂੰ ਇਸ ਤਰੀਕੇ ਦੇ ਬਿਆਨ ਦੇਣ ਤੋਂ ਸਖ਼ਤ ਸ਼ਬਦਾਂ ਨਾਲ ਵਰਜਣ ਜਿਸ ਨਾਲ ਪੰਥ ਅਤੇ ਕੌਮ ਨੂੰ ਡੂੰਘੀ ਸੱਟ ਵੱਜਦੀ ਹੋਵੇ, ਆਗੂਆਂ ਨੇ ਕਿਹਾ ਕਿ ਇੱਕ ਵਿਅਕਤੀ ਵਿਸ਼ੇਸ਼ ਮਾਮਲੇ ਵਿੱਚ ਆਪਣੀ ਚਾਪਲੂਸੀ ਦੇ ਹੱਦ ਇੰਨੀ ਨਹੀਂ ਉਲੰਗਣੀ ਚਾਹੀਦੀ ਕਿ, ਤੁਸੀ ਜਥੇਦਾਰ ਸਾਹਿਬਾਨਾਂ ਦੀ ਸਖਸ਼ੀਅਤ ਤੇ ਨਿੱਜੀ ਹਮਲੇ ਬੋਲਣੇ ਸ਼ੁਰੂ ਕਰ ਦੇਵੋ।