ਖਰੜ੍ਹ 9 ਅਕਤੂਬਰ (ਖ਼ਬਰ ਖਾਸ ਬਿਊਰੋ )
ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਖਰੜ ਤੋਂ ਮੋਰਿੰਡਾ ਮਾਰਗ ਦਾ ਨਾਮ ਦੇਸ਼ ਦੀ ਅਜ਼ਾਦੀ ਲਈ ਜਾਨ ਵਾਰਨ ਵਾਲੇ ਪੁਆਧ ਇਲਾਕੇ ਦੇ ਸਿਰਮੌਰ ਸ਼ਹੀਦ,ਸ਼ਹੀਦ ਕਾਂਸੀ ਰਾਮ ਮੜੌਲੀ ਦੇ ਨਾਮ ਉੱਤੇ ਰੱਖਿਆ ਜਾਵੇ।
ਇਸ ਸਬੰਧੀ ਇੱਕ ਵਫਦ ਮੰਚ ਦੇ ਪ੍ਰਧਾਨ ਸ੍ਰੀ ਹਰਨਾਮ ਸਿੰਘ ਡੱਲਾ ਦੀ ਅਗਵਾਈ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਇਸ ਸਮੇਂ ਉਨ੍ਹਾਂ ਨਾਲ ਮੰਚ ਦੇ ਸਕੱਤਰ ਸੁਖਵਿੰਦਰ ਸਿੰਘ ਦੁਮਣਾ,ਖਜਾਨਚੀ ਕਾਮਰੇਡ ਯੋਗ ਰਾਜ, ਪ੍ਰਕਾਸ਼ ਸਿੰਘ ਰੰਗੀ,ਸ਼ਹੀਦ ਕਾਂਸੀ ਰਾਮ ਦੇ ਪੋਤਰੇ ਕੇਵਲ ਜੋਸ਼ੀ,ਕਾਮਰੇਡ ਦਿਨੇਸ਼ ਪ੍ਰਸਾਦ ਅਤੇ ਮੜੌਲੀ ਦੇ ਸਾਬਕਾ ਸਰਪੰਚ ਸ.ਦਲਜੀਤ ਸਿੰਘ ਵੀ ਹਾਜ਼ਰ ਸਨ। ਉਹਨਾਂ ਇੱਕ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਅਜ਼ਾਦੀ ਲਹਿਰ ਚਲਾਉਂਣ ਲਈ ਗ਼ਦਰੀ ਬਾਬਿਆਂ ਨੇ ਬਦੇਸ਼ਾਂ ਅਤੇ ਆਪਣੇ ਘਰ ਦੀ ਚਿੰਤਾ ਨੂੰ ਛੱਡ ਕੇ ਅਪਣੇ ਵਤਨ ਦੀ ਅਜ਼ਾਦੀ ਨੂੰ ਪਹਿਲ ਦਿੱਤੀ ਸੀ। ਸ਼ਹੀਦ ਕਾਂਸੀ ਰਾਮ ਮੜੌਲੀ ਨੇ ਵੀ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਦੇਸ਼ ਲਈ ਆਪਣੀ ਜਾਨ ਦੀ ਅਹੂਤੀ ਦਿੱਤੀ ਸੀ। ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਣ ਵਾਲੇ ਉਹ ਗ਼ਦਰ ਲਹਿਰ ਦੇ ਪਹਿਲੇ ਸ਼ਹੀਦ ਹੋਏ ਹਨ। ਪੁਆਧ ਦੀ ਮਿੱਟੀ ਦੇ ਜੰਮਪਲ ਇਸ ਸ਼ਹੀਦ ਦੇ ਨਾਂ ਉੱਤੇ ਸਰਕਾਰ ਨੇ ਹਾਲੇ ਤੱਕ ਕੋਈ ਢੁੱਕਵੀਂ ਯਾਦਗਾਰ ਨਹੀਂ ਬਣਾਈ। ਮੰਚ ਨੇ ਇਹ ਵੀ ਮੰਗ ਕੀਤੀ ਹੈ ਕਿ ਖਰੜ ਤੋਂ ਮੋਰਿੰਡਾ ਮਾਰਗ ਉੱਤੇ ਹੀ ਸ਼ਹੀਦ ਕਾਂਸੀ ਰਾਮ ਮੜੌਲੀ ਦਾ ਗਿਆਰਾਂ ਫੁੱਟ ਉੱਚਾ ਬੁੱਤ ਵੀ ਸਥਾਪਿਤ ਕੀਤਾ ਜਾਵੇ।