ਵਾਸ਼ਿੰਗਟਨ, 21 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸਾਲ 2022 ਵਿਚ ਘੱਟੋ-ਘੱਟ 65,960 ਭਾਰਤੀ ਅਮਰੀਕੀ ਨਾਗਰਿਕ ਬਣ ਗਏ ਅਤੇ ਇਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਮੈਕਸੀਕੋ ਤੋਂ ਬਾਅਦ ਦੂਜੇ ਸਥਾਨ ‘ਤੇ ਪਹੁੰਚ ਗਿਆ। ਯੂਐੱਸ ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਅਨੁਸਾਰ 2022 ਵਿੱਚ ਅੰਦਾਜ਼ਨ 4.6 ਕਰੋੜ ਵਿਦੇਸ਼ੀ-ਜਨਮੇ ਲੋਕ ਅਮਰੀਕਾ ਵਿੱਚ ਰਹਿੰਦੇ ਸਨ, ਜੋ 33.3 ਕਰੋੜ ਦੀ ਕੁੱਲ ਅਮਰੀਕੀ ਆਬਾਦੀ ਦਾ ਲਗਭਗ 14 ਫੀਸਦ ਹੈ। ਮੈਕਸੀਕੋ ਵਿੱਚ ਪੈਦਾ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ,ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਸੀ। ਇਸ ਤੋਂ ਬਾਅਦ ਭਾਰਤ, ਫਿਲਪੀਨਜ਼, ਕਿਊਬਾ ਅਤੇ ਡੋਮਿਨਿਕਨ ਰੀਪਬਲਿਕ ਦੇ ਲੋਕਾਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ। ਸਾਲ 2022 ਵਿੱਚ ਮੈਕਸੀਕੋ ਦੇ 128878 ਨਾਗਰਿਕ ਅਮਰੀਕੀ ਨਾਗਰਿਕ ਬਣੇ। ਉਨ੍ਹਾਂ ਤੋਂ ਬਾਅਦ ਭਾਰਤ (65,960), ਫਿਲਪੀਨਜ਼ (53,413), ਕਿਊਬਾ (46,913), ਡੋਮਿਨਿਕਨ ਰੀਪਬਲਿਕ (34,525), ਵੀਅਤਨਾਮ (33,246) ਅਤੇ ਚੀਨ (27,038) ਨੂੰ ਅਮਰੀਕੀ ਨਾਗਰਿਕਤਾ ਮਿਲੀ। 2023 ਤੱਕ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ ਵਿੱਚ ਭਾਰਤ ਦੇ ਲੋਕਾਂ ਦੀ ਗਿਣਤੀ 2,831,330 ਸੀ, ਜੋ ਮੈਕਸੀਕੋ (10,638,429) ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਬਾਅਦ ਨੰਬਰ ਚੀਨ (2,225,447) ਦਾ ਹੈ।