ਚੰਡੀਗੜ੍ਹ 9 ਅਕਤੂਬਰ ( ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਚ ਬੁੱਧਵਾਰ ਨੂੰ ਵੱਡਾ ਫੇਰਬਦਲ ਹੋਇਆ ਹੈ। ਮਾਨ ਵਜ਼ਾਰਤ ਦੇ ਚਾਰ ਮੰਤਰੀਆਂ ਨੂੰ ਹਟਾਏ ਜਾਣ ਬਾਅਦ ਬੁਧਵਾਰ ਨੂੰ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਹਟਾ ਦਿੱਤਾ। ਪਿੱਛਲੇ ਕਈ ਮਹੀਨਿਆਂ ਤੋਂ ਚਰਚਾਵਾਂ ਚੱਲ ਰਹੀਆ ਸਨ ਕਿ ਪਾਰਟੀ ਦੀ ਦਿੱਲੀ ਲੀਡਰਸ਼ਿਪ ਅਨੁਰਾਗ ਵਰਮਾ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ। ਹਾਲਾਂਕਿ ਵਰਮਾ ਨੂੰ ਹਟਾਉਣ ਦੀਆਂ ਕਿਆਸਅਰਾਈਆਂ ਚੱਲ ਰਹੀਆਂ ਸਨ ਪਰ ਤਿੰਨ ਵੱਖ-ਵੱਖ ਸੀਨੀਅਰ ਅਧਿਕਾਰੀਆਂ ਨੂੰ ਮੁੱਖ ਸਕੱਤਰ ਨਿਯੁਕਤ ਕਰਨ ਦੀ ਗੱਲ ਚੱਲ ਰਹੀ ਸੀ ਪਰ ਸਰਕਾਰ ਨੇ 1992 ਬੈਚ ਦੇ ਆਈਏਐਸ ਅਧਿਕਾਰੀ ਕੇ.ਏ.ਪੀ. ਸਿਨਹਾ ਦੇ ਨਾਂ ‘ਤੇ ਸਹਿਮਤੀ ਦੇ ਕੇ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ। ਪਹਿਲਾਂ ਸਾਬਕਾ ਮੁੱਖ ਸਕ੍ਤਰ ਅਨੁਰਿਧ ਤਿਵਾੜੀ ਨੂੰ ਵੀ ਮੁੱਖ ਸਕ੍ਤਰ ਲਗਾਉਣ ਦੀ ਚਰਚਾ ਵੀ ਚੱਲੀ ਸੀ।
ਤਾਜ਼ਾ ਕੀਤੇ ਤਬਾਦਲੇ ਵਿਚ ਮੁੱਖ ਸਕੱਤਰ ਅਨੁਰਾਗ ਵਰਮ ਨੂੰ ਵਧੀਕ ਮੁੱਖ ਸਕੱਤਰ ਮਾਲ, ਵਧੀਕ ਸਕੱਤਰ ਵਿਕਾਸ ਅਤੇ ਵਧੀਕ ਮੁੱਖ ਸਕੱਤਰ ਬਾਗਬਾਨੀ ਨਿਯੁਕਤ ਕੀਤਾ ਗਿਆ ਹੈ।
ਨਵੇਂ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਕੋਲ ਪ੍ਰਮੁੱਖ ਸਕੱਤਰ ਪ੍ਰਸੋਨਲ, ਪ੍ਰਮੁੱਖ ਸਕੱਤਰ ਜਨਰਲ ਪ੍ਰਸ਼ਾਸਨ ਅਤੇ ਪ੍ਰਮੁੱਖ ਸਕੱਤਰ ਵਿਜੀਲੈਂਸ ਦਾ ਚਾਰਜ ਵੀ ਹੋਵੇਗਾ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਅਹੁਦੇ ਲਈ ਤਿੰਨ ਵੱਖ-ਵੱਖ ਅਧਿਕਾਰੀਆਂ ਦੇ ਨਾਵਾਂ ‘ਤੇ ਚਰਚਾ ਚੱਲ ਰਹੀ ਸੀ, ਜਿਸ ‘ਚ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੂੰ ਵਾਪਸ ਲਿਆਉਣ ‘ਤੇ ਵਿਚਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਇਸ ਸਰਕਾਰ ਨੇ ਜੂਨ 2022 ‘ਚ ਹਟਾ ਦਿੱਤਾ ਸੀ।
ਪਿਛਲੀ ਚੰਨੀ ਸਰਕਾਰ ਦੌਰਾਨ 1990 ਬੈਚ ਦੇ ਅਨਿਰੁਧ ਤਿਵਾੜੀ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ, ਪਰ ਸਰਕਾਰ ਨੇ ਤਿੰਨ ਮਹੀਨਿਆਂ ਬਾਅਦ 1989 ਬੈਚ ਦੇ ਵੀ.ਕੇ. ਜੰਜੂਆ ਨੂੰ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਅਤੇ ਜਦੋਂ ਉਹ 23 ਜੂਨ ਨੂੰ ਸੇਵਾਮੁਕਤ ਹੋਏ ਤਾਂ ਸਰਕਾਰ ਨੇ 1993 ਬੈਚ ਦੇ ਅਨੁਰਾਗ ਵਰਮਾ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ। ਅਨੁਰਾਗ ਵਰਮਾ ਨੂੰ ਕਈ ਸੀਨੀਅਰ ਅਫਸਰਾਂ ਨੂੰ ਹਟਾ ਕੇ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ 1994 ਬੈਚ ਦੇ ਤੇਜਵੀਰ ਨੂੰ ਮੁੱਖ ਸਕੱਤਰ ਨਿਯੁਕਤ ਕਰਨ ‘ਤੇ ਵੀ ਲੰਮੀ ਚਰਚਾ ਹੋਈ।
ਦੱਸਿਆ ਜਾਂਦਾ ਹੈ ਕਿ ਕੇ.ਏ.ਪੀ. ਸਿਨਹਾ ਦੀ ਨਿਯੁਕਤੀ ਪਿੱਛੇ ਇਕ ਕਾਰਨ ਇਹ ਵੀ ਸੀ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਤਾਂ ਉਨ੍ਹਾਂ ਨੇ ਕੇਂਦਰ ਵਿਚ ਡੈਪੂਟੇਸ਼ਨ ‘ਤੇ ਜਾਣ ਦੀ ਇੱਛਾ ਪ੍ਰਗਟਾਈ ਸੀ। ਸਿਨਹਾ ਨੇ ਕੇਂਦਰ ਵਿੱਚ ਸਕੱਤਰ ਦਾ ਅਹੁਦਾ ਸੰਭਾਲਣਾ ਚਾਹੁੰਦੇ ਸਨ। ਉਸ ਸਮੇਂ ਵਿੱਤ ਵਿਭਾਗ ਦੀ ਵਾਗਡੋਰ ਸੰਭਾਲ ਰਹੇ ਕੇ.ਏ.ਪੀ.ਸਿਨਹਾ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਸੂਬੇ ਵਿੱਚ ਹੀ ਵੱਡਾ ਅਹੁਦਾ ਦਿੱਤਾ ਜਾਵੇਗਾ, ਪਰ ਵੀ.ਕੇ. ਜੰਜੂਆ ਦੀ ਸੇਵਾਮੁਕਤੀ ਤੋਂ ਬਾਅਦ ਜਦੋਂ ਸਰਕਾਰ ਨੇ ਅਨੁਰਾਗ ਵਰਮਾ ਨੂੰ ਕੇ.ਏ.ਪੀ. ਸਿਨਹਾ ਤੋਂ ਬੈਚ ਦੇ ਜੂਨੀਅਰ ਨਿਯੁਕਤ ਕਰ ਦਿੱਤਾ ਗਿਆ। ਇਸਤੋ ਸਿਨਹਾ ਨਿਰਾਸ਼ ਹੋ ਗਏ ਸਨ।
ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਨੂੰ ਲੈ ਕੇ ਬਹੁਤ ਗੰਭੀਰ ਹੋਈ ਹੈ। ਕੇਜਰੀਵਾਲ ਦੇ ਜੇਲ ਚੋ ਬਾਹਰ ਆਉਣ ਉਪਰੰਤ ਆਪ ਲੀਡਰਸ਼ਿਪ ਨੇ ਪੂਰਾ ਧਿਆਨ ਪੰਜਾਬ ਵੱਲ ਕੇਂਦਰਿਤ ਕੀਤਾ ਹੈ। ਪਹਿਲਾਂ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਗਈ । ਇਸੀ ਤਰਾਂ ਮੁੱਖ ਮੰਤਰੀ ਦੇ ਨਾਲ ਅਟੈਚ ਦੋ ਓ.ਐਸ.ਡੀ ਕਮ ਸਕੱਤਰ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਹੋਰ ਵੀ ਵੱਡਾ ਫੇਰਬਦਲ ਹੋਣ ਦੀ ਸੰਭਾਵਨਾਂ ਹੈ।
ਪੰਜਾਬ ਪੁਲਿਸ ਵਿਚ ਵੀ ਵੱਡਾ ਫੇਰਬਦਲ ਕੀਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਨੇ ਇਹ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਪੰਜਾਬ ਪੁਲਿਸ ਦੇ ਟੌਪ ਦੇ ਅਧਿਕਾਰੀ ਵਿਧਾਇਕਾਂ, ਪੱਤਰਕਾਰਾਂ ਇਥੋ ਤੱਕ ਕਿ ਪਾਰਟੀ ਦੇ ਵੱਡੇ ਅਹੁੱਦੇਦਾਰਾਂ ਦਾ ਫੋਨ ਤੱਕ ਨਹੀਂ ਚੁੱਕਦੇ ਅਤੇ ਨਾ ਹੀ ਮੈਸੇਜ ਦਾ ਕੋਈ ਜਵਾਬ ਦਿੰਦੇ ਹਨ।