ਹਰਿਆਣਾ ‘ਚ ਤੀਸਰੀ ਧਿਰ ਨੂੰ ਲੋਕਾਂ ਨੇ ਮੂੰਹ ਨਾ ਲਾਇਆ, ਆਪ ਤੇ ਜਜਪਾ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੋਈਆਂ ਜ਼ਬਤ

ਚੰਡੀਗੜ੍ਹ 9 ਅਕਤੂਬਰ (ਖ਼ਬਰ ਖਾਸ ਬਿਊਰੋ)

ਹਰਿਆਣਾ ਵਿਚ ਭਾਜਪਾ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ ਹੈ। ਕਾਂਗਰਸ ਦੀਆਂ ਸਾਰੀਆਂ ਉਮੀਦਾਂ ਧਰੀਆ ਧਰਾਈਆਂ ਰਹਿ ਗਈਆਂ। ਇਹਨਾਂ ਨਤੀਜ਼ਿਆਂ ਵਿਚ ਹਰਿਆਣਾ ਦੇ ਲੋਕਾਂ ਨੇ ਤੀਸਰੀ ਧਿਰ ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ। ਜ਼ਿਆਦਾਤਰ ਸੀਟਾਂ ਤੇ ਭਾਜਪਾ ਤੇ ਕਾਂਗਰਸ ਵਿਚ ਆਹਮੋ ਸਾਹਮਣੇ ਮੁਕਾਬਲਾ ਹੀ ਹੋਇਆ ਹੈ।

2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ 10 ਸੀਟਾਂ ਜਿੱਤ ਕੇ ਕਿੰਗਮੇਕਰ ਬਣੀ ਜੇਜੇਪੀ ਨੂੰ ਇਹਨਾਂ ਚੋਣਾਂ ਇਸ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨਾਲ ਗਠਜੋੜ ਕਰਕੇ ਦਲਿਤ ਵੋਟਰਾਂ ਨੂੰ ਲੁਭਾਉਣ ਵਿੱਚ ਜ਼ਜਪਾ ਕਾਮਯਾਬ ਨਹੀਂ ਹੋ ਸਕੀ। ਵਿਧਾਨ ਸਭਾ ਦੀਆਂ 84 ਸੀਟਾਂ ਵਿਚੋਂ ਜੇਜੇਪੀ-ਏਐਸਪੀ ਗਠਜੋੜ ਇਕ ਵੀ ਸੀਟ ਨਹੀਂ ਜਿੱਤ ਸਕੇ ਇਥੋਂ ਤੱਕ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੁਟਾਲਾ ਉਚਾਨਾ ਵਿਧਾਨ ਸਭਾ ਹਲਕੇ ਤੋਂ ਪੰਜਵੇ ਨੰਬਰ ਉਤੇ ਰਹੇ ਹਨ ਅਤੇ ਉਹ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ।

ਜੇਜੇਪੀ 68 ਸੀਟਾਂ ‘ਤੇ ਅਤੇ ਏਐਸਪੀ 16 ਸੀਟਾਂ ‘ਤੇ ਚੋਣ ਮੈਦਾਨ ‘ਚ ਸੀ। ਕਿਸਾਨ ਅੰਦੋਲਨ ਵਿੱਚ ਭਾਜਪਾ ਸਰਕਾਰ ਨਾਲ ਖੜ੍ਹਨ ਕਾਰਨ ਦੁਸ਼ਯੰਤ ਅਤੇ ਉਨ੍ਹਾਂ ਦੇ ਹੋਰ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਧਾਨ ਸਭਾ ਚੋਣਾਂ ਦੇ ਸਮੇਂ ਤੱਕ, ਪਾਰਟੀ ਦੇ ਸੱਤ ਵਿਧਾਇਕਾਂ ਦੇ ਬਗਾਵਤ ਤੋਂ ਬਾਅਦ ਜੇਜੇਪੀ ਕਮਜ਼ੋਰ ਅਤੇ ਟੁੱਟ ਗਈ ਸੀ। ਦੁਸ਼ਯੰਤ ਅਤੇ ਦਿਗਵਿਜੇ ਤੋਂ ਇਲਾਵਾ 85 ਸੀਟਾਂ ‘ਤੇ ਕੋਈ ਵੱਡਾ ਚਿਹਰਾ ਨਹੀਂ ਸੀ। 2019 ‘ਚ 14.80 ਫੀਸਦੀ ਵੋਟਾਂ ਹਾਸਲ ਕਰਨ ਵਾਲੀ ਜੇਜੇਪੀ ਨੂੰ ਇਸ ਵਾਰ ਸਿਰਫ 0.90 ਫੀਸਦੀ ਵੋਟਾਂ ਮਿਲੀਆਂ ਹਨ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਇਹ ਰਹੇ ਹਾਰ ਦੇ ਮੁੱਖ ਕਾਰਨ–
ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਜੇਪੀ ਵਿੱਚ ਫੁੱਟ, ਦੁਸ਼ਯੰਤ ਚੌਟਾਲਾ, ਦਿਗਵਿਜੇ ਤੋਂ ਇਲਾਵਾ ਕੋਈ ਵੱਡਾ ਚਿਹਰਾ ਨਾ ਹੋਣਾ, ਗੱਠਜੋੜ ਪਾਰਟੀ ਏਐਸਪੀ ਦਾ ਹਰਿਆਣਾ ਵਿੱਚ ਕੋਈ ਵਜੂਦ ਨਹੀਂ ਹੈ।
‘ਆਪ’ ਨੂੰ ਸਿਰਫ਼ 1.79 ਫ਼ੀਸਦੀ ਵੋਟਾਂ ਮਿਲੀਆਂ ਪਰ ਆਪ ਨੇ ਚਾਰ ਹਲਕਿਆਂ ਵਿਚ ਕਾਂਗਰਸ ਦੀ ਖੇਡ ਖਰਾਬ ਕਰ ਦਿੱਤੀ। ਇਸਦੇ ਬਾਵਜੂਦ ਕਾਂਗਰਸ ਨੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਚੰਗਾਂ ਰਿਜਲਟ ਦਿਖਾਇਆ ਹੈ। ਦਿੱਲੀ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਤੋਂ ਬਾਹਰ ਆ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਵਾਲੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਟਰਾਂ ਨੂੰ ਲੁਭਾਉਣ ਵਿੱਚ ਨਾਕਾਮ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਸੁਨੀਤਾ, ਰਾਜ ਸਭਾ ਮੈਂਬਰ ਸੰਜੇ ਸਿੰਘ, ਸਾਬਕਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਅਗਵਾਈ ਕੀਤੀ ਸੀ। ਪਾਰਟੀ ਵਿੱਚ ਕੋਈ ਵੱਡਾ ਸਥਾਨਕ ਚਿਹਰਾ ਨਾ ਹੋਣ ਕਾਰਨ ਕੇਜਰੀਵਾਲ ਨੂੰ ਸਥਾਨਕ ਲੜਕੇ ਵਜੋਂ ਦਿਖਾਉਣ ਦੀ ਚਾਲ ਵੀ ਕੰਮ ਨਹੀਂ ਆਈ।

ਆਪ ਨੂੰ ਕਈ ਹਲਕਿਆਂ ਵਿਚ ਨੋਟਾਂ ਤੋਂ ਵੀ ਘੱਟ ਮਿਲੀਆਂ ਵੋਟਾਂ

ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ 46 ਸੀਟਾਂ ‘ਤੇ ਚੋਣ ਲੜਨ ਵਾਲੀ ‘ਆਪ’ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ‘ਆਪ’ ਨੂੰ ਕੁੱਲ ਆਜ਼ਾਦ ਉਮੀਦਵਾਰਾਂ ਦਾ 9.17 ਫੀਸਦੀ ਅਤੇ ਨੋਟਾ ਨੂੰ 0.54 ਫੀਸਦੀ ਤੋਂ ਘੱਟ ਵੋਟਾਂ ਮਿਲੀਆਂ। ਇਸ ਵਾਰ ਆਪ ਨੂੰ 1.79 ਫੀਸਦੀ ਵੋਟਾਂ ਮਿਲੀਆਂ ਹਨ। ‘ਆਪ’ ਦੇ 89 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਹਾਲਾਂਕਿ ਉਨ੍ਹਾਂ ਨੇ ਚਾਰ ਸੀਟਾਂ ‘ਤੇ ਕਾਂਗਰਸ ਦੀ ਖੇਡ ਖਰਾਬ ਕਰ ਦਿੱਤੀ। ਲੋਕ ਸਭਾ ਚੋਣਾਂ ਵਿੱਚ ‘ਆਪ’ ਨਾਲ ਗਠਜੋੜ ਕਰਕੇ ਚੋਣ ਲੜਨ ਵਾਲੀ ਕਾਂਗਰਸ ਨੂੰ ਪੰਜ ਸੀਟਾਂ ਮਿਲੀਆਂ ਸਨ, ਪਰ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨਾਲ ਗਠਜੋੜ ਨਾ ਕਰਨ ਦਾ ਖ਼ਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਿਆ। ਉਚਾਨਾ, ਡੱਬਵਾਲੀ, ਰਾਣੀਆ ਅਤੇ ਸੰਧਵਾਂ ਵਿੱਚ ਕਾਂਗਰਸ ਦੇ ਉਮੀਦਵਾਰ ਓਨੇ ਹੀ ਵੋਟਾਂ ਨਾਲ ਹਾਰ ਗਏ, ਜਿੰਨੀਆਂ ‘ਆਪ’ ਨੂੰ ਮਿਲੀ ਸੀ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਆਦਰਸ਼ ਤੀਜੇ ਨੰਬਰ ‘ਤੇ ਰਿਹਾ
‘ਆਪ’ ਦੇ ਸਭ ਤੋਂ ਮਜ਼ਬੂਤ ​​ਉਮੀਦਵਾਰ ਮੰਨੇ ਜਾਂਦੇ ਆਦਰਸ਼ ਪਾਲ ਜਗਾਧਰੀ ਸੀਟ ਤੋਂ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਨੂੰ 43,813 ਵੋਟਾਂ ਮਿਲੀਆਂ। ਕਲਾਇਤ ਸੀਟ ਤੋਂ ਉਮੀਦਵਾਰ ਅਨੁਰਾਗ ਢਾਂਡਾ ਕਰੀਬ 5.5 ਹਜ਼ਾਰ ਵੋਟਾਂ ਲੈ ਕੇ 7ਵੇਂ ਸਥਾਨ ‘ਤੇ ਹਨ। ਢਾਂਡਾ ਤੋਂ ਪਹਿਲਾਂ ਭਾਜਪਾ, ਇਨੈਲੋ ਦੇ ਉਮੀਦਵਾਰ ਅਤੇ ਦੋ ਆਜ਼ਾਦ ਉਮੀਦਵਾਰ ਸਨ। ਦੇਸ਼ ਦੀ ਪਹਿਲੀ ਮਹਿਲਾ WWE ਰੈਸਲਰ ਕਵਿਤਾ ਨੂੰ 1280 ਵੋਟਾਂ ਮਿਲੀਆਂ ਹਨ।

ਚੌਟਾਲਾ ਦਾ ਸਾਥੀ ਨਹੀਂ ਬਣ ਸਕਿਆ ਹਾਥੀ
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੀ ਬਸਪਾ ਨਾਲ ਗੱਠਜੋੜ ਕਰਕੇ ਵਾਪਸੀ ਨਹੀਂ ਕਰ ਸਕਿਆ। ਇਨੈਲੋ ਦੇ ਪ੍ਰਮੁੱਖ ਜਨਰਲ ਸਕੱਤਰ ਅਤੇ ਪੰਜ ਵਾਰ ਵਿਧਾਇਕ ਰਹਿ ਚੁੱਕੇ ਅਭੈ ਚੌਟਾਲਾ ਨੂੰ ਆਪਣੀ ਰਵਾਇਤੀ ਏਲਨਾਬਾਦ ਸੀਟ ਤੋਂ ਕਾਂਗਰਸ ਦੇ ਭਰਤ ਸਿੰਘ ਬੈਨੀਵਾਲ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਉਨ੍ਹਾਂ ਦਾ ਪੁੱਤਰ ਅਰਜੁਨ ਚੌਟਾਲਾ ਰਾਣੀਆਂ ਤੋਂ ਅਤੇ ਉਨ੍ਹਾਂ ਦੇ ਚਚੇਰੇ ਭਰਾ ਆਦਿਤਿਆ ਚੌਟਾਲਾ ਨੇ ਡੱਬਵਾਲੀ ਤੋਂ ਜਿੱਤ ਹਾਸਲ ਕੀਤੀ ਹੈ। ਇਨੈਲੋ 2019 ਦੀਆਂ ਚੋਣਾਂ ਵਿੱਚ ਜੇਜੇਪੀ ਵਿੱਚ ਗਏ ਵੋਟਰਾਂ ਨੂੰ ਵਾਪਸ ਲਿਆਉਣ ਵਿੱਚ ਅਸਫਲ ਰਹੀ ਹੈ। ਬਸਪਾ ਨਾਲ ਮਿਲ ਕੇ ਦਲਿਤ ਵੋਟਰਾਂ ਨੂੰ ਲੁਭਾਉਣ ਦੀ ਚਾਲ ਵੀ ਨਾਕਾਮ ਰਹੀ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਬਸਪਾ ਨੇ 36 ਸੀਟਾਂ ‘ਤੇ ਚੋਣ ਲੜੀ ਅਤੇ ਸਿਰਫ ਇਕ ਸੀਟ ਅਟੇਲੀ ਹੀ ਲੜ ਸਕੀ। ਇਨੈਲੋ, ਜਿਸ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ 2.44 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਸਨ, ਨੂੰ ਆਪਣੇ ਚੋਣ ਨਿਸ਼ਾਨ ਨੂੰ ਬਚਾਉਣ ਲਈ ਚੋਣ ਕਮਿਸ਼ਨ ਦੇ ਨਿਯਮਾਂ ਦੇ ਤਹਿਤ ਘੱਟੋ ਘੱਟ 6 ਪ੍ਰਤੀਸ਼ਤ ਵੋਟਾਂ ਜਾਂ ਦੋ ਸੀਟਾਂ ਜਿੱਤਣ ਦੀ ਲੋੜ ਸੀ। ਇਸ ਵਾਰ ਪਾਰਟੀ ਨੂੰ 4.22 ਫੀਸਦੀ ਵੋਟਾਂ ਮਿਲੀਆਂ ਹਨ। ਬਸਪਾ ਨੇ 2019 ਵਿੱਚ 4.16 ਵੋਟਾਂ ਹਾਸਲ ਕੀਤੀਆਂ ਸਨ। ਬਸਪਾ ਨੂੰ ਇਸ ਵਾਰ 1.82 ਫੀਸਦੀ ਵੋਟਾਂ ਮਿਲੀਆਂ ਹਨ। ਏਲਨਾਬਾਦ ਤੋਂ ਅਭੈ ਕਰੀਬ 15 ਹਜ਼ਾਰ ਵੋਟਾਂ ਨਾਲ ਹਾਰ ਗਏ ਜਦਕਿ ਫਤਿਹਾਬਾਦ ਤੋਂ ਸੁਨੈਨਾ ਨੂੰ ਸਿਰਫ਼ 9681 ਵੋਟਾਂ ਮਿਲੀਆਂ। ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜੇਜੇਪੀ ਦੇ ਇਨੈਲੋ ਨਾਲੋਂ ਵੱਖ ਹੋਣ ਅਤੇ ਵੱਖਰੀਆਂ ਚੋਣਾਂ ਲੜਨ ਕਾਰਨ ਵੋਟ ਬੈਂਕ ਦਾ ਟੁੱਟਣਾ, ਬਜ਼ੁਰਗ ਵਿਅਕਤੀ ਹੋਣ ਕਾਰਨ ਸਾਬਕਾ ਮੁੱਖ ਮੰਤਰੀ ਓ.ਪੀ.ਚੋਟਾਲਾ ਨੇ ਜ਼ਿਆਦਾ ਪ੍ਰਚਾਰ ਅਤੇ ਰੈਲੀਆਂ ਵਿੱਚ ਹਿੱਸਾ ਨਾ ਲੈਣਾ ਇਨੈਲੋ ਲਈ ਵੱਡੀ ਹਾਰ ਦਾ ਕਾਰਨ ਹੈ।

 

Leave a Reply

Your email address will not be published. Required fields are marked *