ਗੁਰਦਾਸਪੁਰ 1 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਚਾਇਤ ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਦਰਮਿਆਨ ਖਿਚੋਤਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਈ ਥਾਵਾਂ ਤੇ ਹੱਥੋਪਾਈ ਤੱਕ ਦੀ ਨੌਬਤ ਅਤੇ ਗਾਲੀ ਗਲੋਚ ਦੀਆਂ ਵੀਡਿਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
ਤਾਜ਼ਾ ਘਟਨਾਂ ਗੁਰਦਾਸਪੁਰ ਵਿਖੇ ਵਾਪਰੀ ਹੈ। ਜਿਥੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ ਆਹਮੋ ਸਾਹਮਣੇ ਹੋ ਗਏ ਹਨ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ ਤੇ ਡਿਪਟੀ ਕਮਿਸ਼ਨਰ ਦਰਮਿਆਨ ਹੋਈ ਨੋਕਝੋਕ ਦਾ ਮਾਮਲਾ ਲੋਕ ਸਭਾ ਦੇ ਸਪੀਕਰ ਕੋਲ ਪੁੱਜ ਗਿਆ ਹੈ। ਰੰਧਾਵਾਂ ਨੇ ਸਪੀਕਰ ਨੂੰ ਮੰਗ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਖਿਲਾਫ਼ ਕੀਤੀ ਸ਼ਿਕਾਇਤ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪੀ ਜਾਵੇ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਵਿਚ ਮਾਝਾ ਬਿਰਗੇਡ ਵਜੋਂ ਜਾਣੇ ਜਾਂਦੇ ਸੁਖਜਿੰਦਰ ਸਿੰਘ ਰੰਧਾਵਾਂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਬਰਿੰਦਰਮੀਤ ਸਿੰਘ ਪਾਹੜਾ ਕਾਂਗਰਸੀ ਉਮੀਦਵਾਰਾਂ ਨੂੰ ਐਨ.ਓ.ਸੀ ਨਾ ਦੇਣ ਦੇ ਮੁੱਦੇ ਤੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ ਤਾਂ ਸਰਕਾਰ ਵਿਰੋਧੀਆਂ ਨੂੰ ਨਾਮਜਦਗੀ ਲਈ ਰੋੜਾ ਅਟਕਾਉਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਤੇ ਸੰਸਦ ਮੈਂਬਰ ਵਿਚ ਤਕਰਾਰ ਹੋ ਗਈ।
ਰੰਧਾਵਾ ਨੇ ਲੋਕ ਸਭਾ ਦੇ ਸਪੀਕਰ ਨੂੰ ਭੇਜੀ ਸ਼ਿਕਾਇਤ ਵਿਚ ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਡਿਪਟੀ ਕਮਿਸ਼ਨਰ ਉਮਾਸ਼ੰਕਰ ਗੁਪਤਾ ਨੇ ਉਸ ਨਾਲ ਦੁਰਵਿਵਹਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਪਾਹੜਾ ਤੋਂ ਇਲਾਵਾ ਏਡੀਸੀ ਡੀ, ਏਡੀਸੀ ਜਨਰਲ ਅਤੇ ਐਸਪੀ ਹੈੱਡਕੁਆਰਟਰ ਵੀ ਹਾਜ਼ਰ ਸਨ।
ਵਾਇਰਲ ਹੋ ਰਹੀ ਵੀਡੀਓ ਕਲਿਪ ਵਿਚ ਰੰਧਾਵਾ ਡਿਪਟੀ ਕਮਿਸ਼ਨਰ ਨੂੰ ਉਸਨੂੰ ਬਾਹਰ ਕੱਢਣ ਦੀ ਚੁਣੌਤੀ ਦੇ ਰਹੇ ਹਨ। ਵਿਧਾਇਕ ਬਰਿੰਦਰਮੀਤ ਪਾਹੜਾ ਵੀ ਕੇਸ ਦਰਜ ਕਰਨ ਦੀ ਹਿੰਮਤ ਦਿਖਾਉਣ ਅਤੇ ਕੇਸ ਦਰਜ ਕਰਨ ਦੀ ਗੱਲ ਕਹਿ ਰਹੇ ਹਨ। ਰੰਧਾਵਾਂ ਨੇ ਕਿਹਾ ਕਿ ਸਰਕਾਰ ਦਾ ਇਕ ਸਾਲ ਰਹਿ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਧੀਮੀ ਆਵਾਜ਼ ‘ਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਰੰਧਾਵਾ ਨੇ ਬਾਜਵਾ ਨੂੰ ਉਨ੍ਹਾਂ ਨੂੰ ਬਾਹਰ ਕੱਢ ਕੇ ਦਿਖਾਉਣ ਲਈ ਕਹਿਣ ਦੀ ਗੱਲ ਕਹਿ ਰਹੇ ਹਨ।
ਗਰਗ ਨੇ ਲਾਇਆ ਕਾਂਗਰਸੀ ਆਗੂਆਂ ਤੇ ਡੀਸੀ ਨੂੰ ਧਮਕੀਆਂ ਦੇਣ ਦਾ ਦੋਸ਼
‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸੀ ਆਗੂ ਡੀਸੀ ਦਫ਼ਤਰ ਦੇ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਰਹੇ ਹਨ। ਨੀਲ ਗਰਗ ਨੇ ਕਿਹਾ ਕਿ ਇਹ ਲੋਕ ਅਜੇ ਸੱਤਾ ‘ਚ ਨਹੀਂ ਹਨ, ਫਿਰ ਵੀ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ, ਜੇਕਰ ਇਹ ਸੱਤਾ ‘ਚ ਹੁੰਦੇ ਤਾਂ ਕੀ ਕਰਦੇ।
ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿੱਚ ਸੀ ਤਾਂ ਇਹ ਲੋਕ ਡਰਾ ਧਮਕਾ ਕੇ ਲੋਕਲ ਚੋਣਾਂ ਜਿੱਤਦੇ ਸਨ। ਪੰਜਾਬ ਦੇ ਲੋਕ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਗਰਗ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਤਰ੍ਹਾਂ ਚੋਣ ਪ੍ਰਕਿਰਿਆ ਵਿਚ ਰੁਕਾਵਟ ਨਾ ਪਾਉਣ ਦੀ ਅਪੀਲ ਕੀਤੀ। ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਦਿਓ। ਇਹ ਕੰਮ ਚੁਣੇ ਹੋਏ ਨੁਮਾਇੰਦਿਆਂ ਨੂੰ ਸ਼ੋਭਾ ਨਹੀਂ ਦਿੰਦਾ।
ਨੀਲ ਗਰਗ ਨੇ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਵਿੱਚ ਅਧਿਕਾਰੀਆਂ ਵੱਲੋਂ ਕਿਤੇ ਵੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਹੈ। ਕਿਸੇ ਵੀ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ ਅਤੇ ਹਰ ਕਿਸੇ ਨੂੰ ਲੋੜੀਂਦੇ ਦਸਤਾਵੇਜ਼ ਇਕੱਠੇ ਕਰਨ ਲਈ ਭਰਪੂਰ ਸਮਾਂ ਮਿਲ ਰਿਹਾ ਹੈ।