ਮਾਲੀ ਦੀ ਗ੍ਰਿਫਤਾਰੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਤੇ ਹਮਲਾ

ਧਾਰਾ 196, 299 ਤਹਿਤ ਦਰਜ ਕੇਸ ਰੱਦ ਕਰਕੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਕੀਤੀ ਮੰਗ

ਮੋਹਾਲੀ 19 ਸਤੰਬਰ (Khabar Khass Bureau) 

ਤਰਕਸ਼ੀਲ ਸੁਸਾਇਟੀ ਪੰਜਾਬ ਨੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗੈਰ ਪੰਜਾਬ ਪੁਲੀਸ ਵਲੋਂ ਧਾਰਾ 196, 299 ਤਹਿਤ ਗ੍ਰਿਫ਼ਤਾਰ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਇਸ ਕਾਰਵਾਈ ਨੂੰ ਕੌਮੀ ਪੱਧਰ ਤੇ ਫ਼ਿਰਕੂ ਹਕੂਮਤਾਂ ਵਲੋਂ ਫ਼ਿਰਕੂ ਲਾਮਬੰਦੀ ਹੇਠ ਬੁੱਧੀਜੀਵੀਆਂ, ਲੇਖਕਾਂ,ਪੱਤਰਕਾਰਾਂ, ਵਕੀਲਾਂ ਅਤੇ ਤਰਕਸ਼ੀਲ ਸਮਾਜਿਕ ਕਾਰਕੁਨਾਂ ਦੀ ਕੀਤੀ ਜਾ ਰਹੀ ਜ਼ਬਾਨਬੰਦੀ ਕਰਾਰ ਦਿੱਤਾ ਹੈ ਅਤੇ ਕੇਸ ਰੱਦ ਕਰਕੇ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਜੋਰਦਾਰ ਮੰਗ ਕੀਤੀ ਹੈ।
ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ,ਰਾਜਪਾਲ ਸਿੰਘ, ਬਲਬੀਰ ਲੌਂਗੋਵਾਲ,ਰਾਮ ਸਵਰਨ ਲੱਖੇਵਾਲੀ,ਜਸਵਿੰਦਰ ਫਗਵਾੜਾ ਅਤੇ ਸੁਮੀਤ ਅੰਮ੍ਰਿਤਸਰ ਨੇ ਜਾਰੀ ਇਕ ਬਿਆਨ ਵਿਚ ਦੋਸ਼ ਲਾਇਆ ਕਿ ਪੁਲੀਸ ਵਲੋਂ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗੈਰ ਹੀ ਫ਼ਿਰਕੂ ਸੰਗਠਨਾਂ ਦੇ ਦਬਾਅ ਹੇਠ ਸਮਾਜ ਨੂੰ ਚੇਤਨ ਕਰਨ ਵਾਲੇ ਅਗਾਂਹਵਧੂ ਲੇਖਕਾਂ ,ਪੱਤਰਕਾਰਾਂ, ਤਰਕਸ਼ੀਲਾਂ ਅਤੇ ਸਮਾਜਿਕ ਕਾਰਕੁਨਾਂ ਖਿਲਾਫ ਧਾਰਾ 196 ਅਤੇ 299 ਤਹਿਤ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨਾ ਭਾਰਤੀ ਸੰਵਿਧਾਨ ਦੀ ਧਾਰਾ 19 ਤਹਿਤ ਮਿਲੇ ਨਾਗਰਿਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਬੁਨਿਆਦੀ ਹੱਕ ਦੀ ਸਿੱਧੀ ਉਲੰਘਣਾ ਹੈ ।
ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਪੰਜਾਬ ਪੁਲਿਸ ਵੱਲੋਂ ਫ਼ਿਰਕੂ ਤਾਕਤਾਂ ਦੇ ਦਬਾਅ ਹੇਠ ਤਰਕਸ਼ੀਲ ਆਗੂਆਂ ਸੁਰਜੀਤ ਦੌਧਰ, ਭੁਪਿੰਦਰ ਫ਼ੌਜੀ,ਸਰਬਜੀਤ ਔਖਲਾ ਸਮੇਤ ਹੋਰਨਾਂ ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ਵਿਰੁੱਧ ਧਾਰਾ 295/295 ਏ ਤਹਿਤ ਝੂਠੇ ਕੇਸ ਦਰਜ ਕੀਤੇ ਗਏ ਸਨ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੂਹ ਲੋਕ ਪੱਖੀ ਜਮਹੂਰੀ ਤੇ ਜਨਤਕ ਜਥੇਬੰਦੀਆਂ ਵੱਲੋਂ ਸਮੁੱਚੇ ਪੰਜਾਬ ਵਿੱਚ ਕਨਵੈਨਸ਼ਨਾਂ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਅਤੇ ਕੇਸ ਰੱਦ ਕਰਵਾਉਣ ਤੱਕ ਜਾਰੀ ਰਹਿਣਗੇ।
ਤਰਕਸ਼ੀਲ ਆਗੂਆਂ ਰਾਜੇਸ਼ ਅਕਲੀਆ,ਜਸਵੰਤ ਮੋਹਾਲੀ, ਜੋਗਿੰਦਰ ਕੁੱਲੇਵਾਲ,ਅਜੀਤ ਪ੍ਰਦੇਸੀ,ਗੁਰਪ੍ਰੀਤ ਸ਼ਹਿਣਾ ਅਤੇ ਸੰਦੀਪ ਧਾਰੀਵਾਲ ਭੌਜਾ ਨੇ ਦੋਸ਼ ਲਾਇਆ ਕਿ ਕੁਝ ਫਿਰਕੂ ਤਾਕਤਾਂ ਵਲੋਂ ਆਪਣੇ ਕੋਝੇ ਫ਼ਿਰਕੂ ਅਤੇ ਫਾਸ਼ੀਵਾਦੀ ਸਿਆਸੀ ਮਨਸੂਬਿਆਂ ਹੇਠ ਧਾਰਾ 196, 299 ਦਾ ਗ਼ਲਤ ਇਸਤੇਮਾਲ ਕਰਕੇ ਅੰਧ ਵਿਸ਼ਵਾਸ਼ਾਂ, ਰੂੜੀਵਾਦ, ਬਾਬਾਵਾਦ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਵਿਗਿਆਨਕ ਵਿਚਾਰਧਾਰਾ ਰਾਹੀਂ ਸਮਾਜ ਨੂੰ ਚੇਤਨ ਕਰਨ ਵਾਲੇ ਤਰਕਸ਼ੀਲ ਅਤੇ ਜਮਹੂਰੀ ਅਧਿਕਾਰਾਂ ਦੇ ਸਮਾਜਿਕ ਕਾਰਕੁਨਾਂ ਉਤੇ ਜਾਣ ਬੁੱਝ ਕੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ ਅਤੇ ਮੋਦੀ ਸਰਕਾਰ ਅਤੇ ਭਾਜਪਾ ਦੀ ਯੋਜਨਾਬੱਧ ਸਾਜਿਸ਼ ਹੇਠ ਪੰਜਾਬ ਵਿਚ ਫ਼ਿਰਕੂ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜਿਸਨੂੰ ਪੰਜਾਬ ਦੀਆਂ ਜਮਹੂਰੀ ਤੇ ਜਨਤਕ ਜਥੇਬੰਦੀਆਂ ਵੱਲੋਂ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਜਮਹੂਰੀ ਅਧਿਕਾਰਾਂ ਦੀ ਖ਼ਿਲਾਫ਼ਵਰਜ਼ੀ ਕਰਦੀਆਂ ਧਾਰਾਵਾਂ 196 ਅਤੇ 299 ਨੂੰ ਭਾਰਤੀ ਦੰਡਵਾਲੀ ‘ਚੋਂ ਮੁੱਢਲੇ ਪੱਧਰ ਤੇ ਰੱਦ ਕੀਤਾ ਜਾਵੇ ਅਤੇ ਫ਼ਿਰਕੂ ਤਾਕਤਾਂ ਵਲੋਂ ਸਿਆਸੀ ਵਿਰੋਧੀਆਂ ਦੇ ਖਿਲਾਫ ਇਨ੍ਹਾਂ ਦੀ ਲਗਾਤਾਰ ਕੀਤੀ ਜਾ ਰਹੀ ਦੁਰਵਰਤੋਂ ਉਤੇ ਸਖ਼ਤ ਰੋਕ ਲਗਾਈ ਜਾਵੇ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

Leave a Reply

Your email address will not be published. Required fields are marked *