ਭਵਾਨੀਗੜ੍ਹ, 18 ਸਤੰਬਰ (Khabar Khass Bureau)
ਮੁਹਾਲੀ ਪੁਲੀਸ ਵੱਲੋਂ ਸਾਬਕਾ ਵਿਦਿਆਰਥੀ ਆਗੂ ਅਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਖਿਲਾਫ ਅੱਜ ਇੱਥੇ ਜਨਤਕ ਜਥੇਬੰਦੀਆਂ ਅਤੇ ਪਾਰਟੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਤਹਿਸੀਲਦਾਰ ਆਸ਼ੂ ਪ੍ਰਭਾਸ਼ ਜੋਸ਼ੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ, ਗੋਲਡੀ ਤੂਰ, ਨਿਰਮਲ ਸਿੰਘ ਭੜੋ, ਸੀਪੀਐਮ ਦੇ ਸੂਬਾ ਸਕੱਤਰ ਕਾ. ਭੂਪ ਚੰਦ ਚੰਨੋਂ, ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਭਾਕਿਯੂ ਰਾਜੇਵਾਲ ਦੇ ਪ੍ਰਚਾਰ ਸਕੱਤਰ ਜਸਪਾਲ ਸਿੰਘ ਘਰਾਚੋਂ, ਭਾਕਿਯੂ ਸਿੱਧੂਪੁਰ ਦੇ ਆਗੂ ਹਰਜਿੰਦਰ ਸਿੰਘ ਗਰੇਵਾਲ, ਦਵਿੰਦਰ ਸਿੰਘ ਸਕਰੌਦੀ, ਯੂਥ ਕਾਂਗਰਸ ਦੇ ਆਗੂ ਗੁਰਪ੍ਰੀਤ ਸਿੰਘ ਕੰਧੋਲਾ, ਟਰੇਡ ਯੂਨੀਅਨ ਆਗੂ ਕੇਵਲ ਸਿੰਘ ਮਾਝਾ, ਸੁਖਦੇਵ ਸਿੰਘ ਭਵਾਨੀਗੜ੍ਹ, ਡਾ. ਅਜੈਬ ਸਿੰਘ ਰਾਮਪੁਰਾ, ਲਾਲਵਿਦਰ ਸਿੰਘ ਲਾਲੀ ਸਕਰੌਦੀ, ਜਤਿੰਦਰ ਸਿੰਘ ਸਕਰੌਦੀ, ਯੂਸਫ਼ ਖਾਂ ਸਰਪੰਚ ਭੜੀ ਆਦਿ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੋਸ਼ਲ ਮੀਡੀਆ ’ਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਮਾਲਵਿੰਦਰ ਸਿੰਘ ਮਾਲੀ ਨੂੰ ਝੂਠੇ ਕੇਸ ਤਹਿਤ ਗ੍ਰਿਫਤਾਰ ਕਰਕੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਗਿਆ ਹੈ। ਇਸ ਮੌਕੇ ਮੇਜਰ ਸਿੰਘ ਸਰਪੰਚ ਝਨੇੜੀ, ਭਗਵੰਤ ਸਿੰਘ ਸੇਖੋਂ ਸਰਪੰਚ, ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਜੇਕਰ ਮਾਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਗਿਆ ਤਾਂ ਪੰਜਾਬ ਪੱਧਰੀ ਪ੍ਰਦਰਸ਼ਨ ਕੀਤੇ ਜਾਣਗੇ।