ਸਰਦੂਲਗੜ੍ਹ, 18 ਸਤੰਬਰ (Khabar Khass Bureau)
ਇੱਥੇ ਇਕ ਮਤਰੇਏ ਪਿਓ ਵਲੋਂ 11 ਸਾਲਾ ਬੱਚੇ ਦੀ ਜਾਨ ਲਏ ਜਾਣ ਦੀ ਖਬਰ ਹੈ। ਮ੍ਰਿਤਕ ਬੱਚੇ ਦੀ ਪਛਾਣ ਅਕਾਸ਼ਦੀਪ ਸਿੰਘ (11) ਵਜੋਂ ਹੋਈ ਹੈ। ਉਸ ਦੇ ਮਾਮੇ ਵਕੀਲ ਸਿੰਘ ਦੇ ਬਿਆਨ ਮੁਤਾਬਿਕ ਉਸ ਦੀ ਭੈਣ ਹਰਪ੍ਰੀਤ ਕੌਰ ਪਿੰਡ ਹੀਰੇਵਾਲਾ ਵਿਚ ਗੁਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਲ ਵਿਆਹੀ ਸੀ ਜੋ ਹਾਲ ਅਬਾਦ ਸਰਦੂਲਗੜ੍ਹ ਹੈ। ਪਹਿਲੇ ਵਿਆਹ ਦਾ ਤਲਾਕ ਹੋ ਜਾਣ ਕਾਰਨ ਉਸ ਦੀ ਭੈਣ ਦੀ ਇਹ ਦੂਸਰੀ ਸ਼ਾਦੀ ਸੀ। ਉਪਰੋਕਤ ਬੱਚਾ ਹਰਪ੍ਰੀਤ ਕੌਰ ਦੇ ਪਹਿਲੇ ਵਿਆਹ ਤੋਂ ਸੀ ਜਿਸ ਤੋਂ ਉਸ ਦਾ ਪਤੀ ਗੁਰਪ੍ਰੀਤ ਸਿੰਘ ਨਫ਼ਰਤ ਕਰਦਾ ਸੀ। ਇਸ ਨਫ਼ਰਤ ਕਾਰਨ ਉਸ ਨੇ ਪਰਨੇ ਨਾਲ ਬੱਚੇ ਦਾ ਗਲ਼ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ। ਸਰਦੂਲਗੜ੍ਹ ਪੁਲੀਸ ਨੇ ਪਰਚਾ ਦਰਜ ਕਰਨ ਉਪਰੰਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਅਕਾਸ਼ਦੀਪ ਛੇਵੀਂ ਜਮਾਤ ਵਿਚ ਪੜ੍ਹਦਾ ਸੀ।