ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡਾਂ ਦੀ ਕੀਤੀ ਜਾਵੇਗੀ ਡਿਜੀਟਲ ਸੈਟੇਲਾਈਟ ਮੈਪਿੰਗ

ਚੰਡੀਗੜ੍ਹ, 12 ਸਤੰਬਰ: ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡਾਂ ਦੀ ਡਿਜੀਟਲ ਸੈਟੇਲਾਈਟ ਮੈਪਿੰਗ ਕਰਵਾਉਣ ਦੀ ਨਿਵੇਕਲੀ ਪਹਿਲ ਕੀਤੀ ਹੈ।
ਸ. ਬੈਂਸ ਦੇ ਇਸ ਉਪਰਾਲੇ ਨਾਲ ਵਿਧਾਨ ਸਭਾ ਦੇ ਸਾਰੇ ਪਿੰਡਾਂ ਦੀ ਡਿਜੀਟਲ ਸੈਟੇਲਾਈਟ ਮੈਪਿੰਗ ਕਰਵਾਈ ਜਾਵੇਗੀ। ਇਸ ਮੈਪਿੰਗ ਲਈ ਪਿੰਡਾਂ ਦੀਆਂ ਗਲੀਆਂ, ਟੋਭੇ, ਪਿੰਡ ਦੀ ਫਿਰਨੀ, ਮੰਦਰ, ਗੁਰਦੁਆਰਾ, ਸਕੂਲ, ਕਮਿਊਨਿਟੀ ਸੈਂਟਰ, ਹਸਪਤਾਲ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਕਾਰਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਰਾਹੀਂ ਕਰਵਾਇਆ ਜਾ ਰਿਹਾ ਹੈ। ਇਸ ਕਾਰਜ ਦੇ ਨੇਪਰੇ ਚੜ੍ਹਨ ਨਾਲ ਪਿੰਡ ਵਿੱਚ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਲਈ ਸਬੰਧਤ ਵਿਭਾਗਾਂ ਨੂੰ ਵਾਰ-ਵਾਰ ਪਿੰਡ ਦੇ ਗੇੜੇ ਨਹੀਂ ਮਾਰਨੇ ਪੈਣਗੇ ਅਤੇ ਨਾਲ ਹੀ ਸਬੰਧਤ ਵਿਭਾਗਾਂ ਨੂੰ ਵੀ ਸਰਕਾਰੀ ਥਾਵਾਂ ਦੀ ਅਸਲ ਸਥਿਤੀ ਪਤਾ ਲੱਗ ਸਕੇਗੀ। ਇਸ ਨਾਲ ਵਾਰ-ਵਾਰ ਕੀਤੀ ਜਾਣ ਵਾਲੀ ਨਿਸ਼ਾਨਦੇਹੀ ਦੇ ਕੰਮ ਤੋਂ ਜਿੱਥੇ ਛੁਟਕਾਰਾ ਮਿਲੇਗਾ ਉੱਥੇ ਹੀ ਸਰਕਾਰੀ ਅਧਿਕਾਰੀਆਂ ਅਤੇ ਪੰਚਾਇਤਾਂ ਦਾ ਸਮਾਂ ਬਚੇਗਾ। ਇਸ ਦੇ ਨਾਲ ਹੀ ਗੰਦੇ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਲਈ ਨਕਸ਼ਾ ਤਿਆਰ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵਿਛਾਉਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ ਕਿਉਂਕਿ ਇਸ ਨਾਲ ਪਿੰਡ ਦਾ ਡਿਜੀਟਲ ਲੈਵਲ ਵੀ ਪਤਾ ਲੱਗ ਜਾਵੇਗਾ ਅਤੇ ਪਿੰਡਾਂ ਦੀਆਂ ਗਲੀਆਂ ਦੀ ਲੰਬਾਈ ਵੀ ਸਹੀ ਤੌਰ ‘ਤੇ ਪਤਾ ਲੱਗ ਜਾਵੇਗੀ।
ਡਿਜੀਟਲ ਸੈਟੇਲਾਈਟ ਮੈਪਿੰਗ ਰਾਹੀਂ ਪਿੰਡ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਲਈ ਤਿਆਰ ਕੀਤੀ ਜਾਣ ਵਾਲੇ ਕਾਰਜ ਦੇ ਅੰਦਾਜਨ ਖਰਚ ਦਾ ਸੁਖਾਲਿਆਂ ਪਤਾ ਲਗਾਇਆ ਜਾ ਸਕੇਗਾ ਅਤੇ ਪਿੰਡ ਦੇ ਹਰੇਕ ਘਰ ਅਤੇ ਗਲੀ ਦਾ ਵੀ ਨੰਬਰ ਲੱਗ ਜਾਵੇਗਾ ਅਤੇ ਘਰ ਦੇ ਮਾਲਕ ਬਾਰੇ ਵੀ ਪਤਾ ਲੱਗ ਜਾਵੇਗਾ। ਇਹ ਡਾਟਾ ਉਮਰ ਭਰ ਲਈ ਤਿਆਰ ਹੋ ਜਾਵੇਗਾ ਜਿਸ ਨੂੰ ਲੋੜ ਪੈਣ ‘ਤੇ ਅਪਡੇਟ ਵੀ ਕੀਤਾ ਜਾ ਸਕੇਗਾ।

ਹੋਰ ਪੜ੍ਹੋ 👉  ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ : ਅਮਨ ਅਰੋੜਾ

Leave a Reply

Your email address will not be published. Required fields are marked *