ਲੁਧਿਆਣਾ, 12 ਸਤੰਬਰ ( Khabar Khass Bureau )
ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੀ ਦੋਵਾਂ ਕਨਵੀਨਰਾਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੱਡੇ ਫੈਸਲੇ ਲਏ ਗਏ। ਜਿਸ ਸਬੰਧੀ ਜਾਣਕਾਰੀ ਦੇਣ ਲਈ ਦੋਵਾਂ ਕਨਵੀਨਰਾਂ ਅਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੱਲੋਂ ਲੁਧਿਆਣਾ ‘ਚ ਸੂਬਾ ਪੱਧਰੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿਸਦੀ ਭਿਣਕ ਲੱਗਦਿਆਂ ਬਿਜਲੀ ਮੰਤਰੀ ਨੇ ਚੰਡੀਗੜ੍ਹ ‘ਚ ਮੀਟਿੰਗ ਦਾ ਸੱਦਾ ਦਿੱਤਾ। ਉਨ੍ਹਾਂ ਦੀ ਗੈਰਮੌਜੂਦਗੀ ‘ਚ ਲੁਧਿਆਣਾ ‘ਚ ਮੀਡੀਆ ਦਾ ਕੰਮ ਦੇਖ ਰਹੇ ਗੁਰਪ੍ਰੀਤ ਸਿੰਘ ਮਹਿਦੂਦਾਂ ਵੱਲੋਂ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਢਿੱਲੋਂ, ਸੂਬਾਈ ਆਗੂ ਐਡੀਸ਼ਨਲ ਐਸਡੀਓ ਰਘਵੀਰ ਸਿੰਘ, ਰਛਪਾਲ ਸਿੰਘ ਪਾਲੀ ਅਤੇ ਪੈਨਸਰਜ ਯੂਨੀਅਨ ਦੇ ਕੇਵਲ ਸਿੰਘ ਬਨਵੈਤ ਨੇ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆ ਹੋਈਆਂ ਜਾਇਜ਼ ਅਤੇ ਹੱਕੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਗੈਰ ਜ਼ਮਹੂਰੀ, ਤਾਨਾਸ਼ਾਹੀ ਅਤੇ ਟ੍ਰੇਡ ਯੂਨੀਅਨ ਅਧਿਕਾਰਾਂ ਉੱਪਰ ਹਮਲੇ ਕਰਦੇ ਹੋਏ ਤਰ੍ਹਾਂ-ਤਰ੍ਹਾਂ ਦੇ ਵਰਤੇ ਜਾ ਰਹੇ ਹੱਥਕੰਡਿਆਂ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੇਨੈਜਮੈਂਟ ਵੱਲੋਂ ਬਿਜਲੀ ਕਰਮਚਾਰੀਆਂ ਅੰਦਰ ਡਰ ਅਤੇ ਭੈਅ ਪੈਦਾ ਕਰਨ ਲਈ ਅਤੇ ਅਣ ਅਧਿਕਾਰਤ ਕਾਰਵਾਈਆਂ ਕਰਦੇ ਹੋਏ ਅਣ ਅਧਿਕਾਰਿਤ ਕਰਮਚਾਰੀਆਂ/ ਅਧਿਕਾਰੀਆਂ ਸਮੇਤ ਮਹਿਲਾਵਾਂ (ਜਿਵੇਂ ਕਿ ਕਲੈਰੀਕਲ, ਦਰਜਾ ਚਾਰ, ਅਕਾਊਂਟਸ, ਏ ਐਮ (ਆਈ ਟੀ), ਪੇਸਕੋ ਕਾਮਿਆਂ ਆਦਿ) ਦੀ ਗਰਿੱਡ ਸਬ ਸਟੇਸ਼ਨਾਂ ਉੱਪਰ ਡਿਊਟੀ ਲਗਾਈ ਜਾ ਰਹੀ ਹੈ। ਬਿਜਲੀ ਨਿਗਮ ਦੀ ਇਹ ਨੀਤੀ ਬਿਜਲੀ ਵਰਗੇ ਜੋਖਿਮ ਨਾਲ ਜੁੜੇ ਅਦਾਰੇ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਅਵੱਗਿਆ ਹੈ। ਇਸ ਸੱਭ ਨੂੰ ਦੇਖਦੇ ਹੋਏ ਜੱਥੇਬੰਦੀ ਦੇ ਆਗੂਆਂ ਵੱਲੋਂ 13-09-24 ਤੋਂ 17-09-24 ਤੱਕ (5 ਦਿਨ) ਸਮੂਹਿਕ ਛੁੱਟੀ ਨੂੰ ਹੋਰ ਵਧਾ ਦਿੱਤਾ ਗਿਆ ਹੈ ‘ਤੇ ਸਾਰੇ ਬਿਜਲੀ ਕਾਮੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ। 17-09-24 ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਰੋਸ ਧਰਨਾ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਵਰਕ ਟੂ ਰੂਲ ਦਾ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹੇਗਾ। ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਮੇਤ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਕਾਲੇ ਝੰਡੇ ਦਿਖਾਏ ਜਾਣਗੇ। ਉਨ੍ਹਾਂ ਏਹ ਵੀ ਦੱਸਿਆ ਕਿਸਾਨ ਯੂਨੀਅਨਾਂ ਤੋਂ ਬਾਅਦ ਸਾਨੂੰ ਪਟਵਾਰ ਯੂਨੀਅਨ ਦਾ ਵੀ ਸਮੱਰਥਨ ਮਿਿਲਆ ਹੈ। ਆਗੂਆਂ ਨੇ ਦੱਸਿਆ ਕਿ ਸਾਡੀ ਪਹਿਲੀ ਮੁੱਖ ਮੰਗ ਮ੍ਰਿਤਕ ਬਿਜਲੀ ਕਾਮੇ ਦੇ ਪਰਿਵਾਰ ਲਈ 1 ਕਰੋੜ ਦੀ ਆਰਥਿਕ ਸਹਾਇਤਾ ਅਤੇ ਜਖਮੀਂ ਹੋਣ ਦੀ ਹਾਲਤ ‘ਚ ਕੈਸ ਲੈੱਸ ਇਲਾਜ ਦੀ ਮੰਗ ਤਾਂ ਪੱਕੇ ਕਾਮਿਆਂ ਦੇ ਨਾਲ ਨਾਲ ਕੱਚੇ ਕਾਮਿਆਂ ਨਾਲ ਵੀ ਜੁੜੀ ਹੈ। ਇਸਤੋਂ ਇਲਾਵਾ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਵੀ ਕੱਚੇ ਕਾਮਿਆਂ ਨਾਲ ਜੁੜੀ ਹੈ। ਜਿਸਨੂੰ ਦੇਖਦੇ ਹੋਏ ਕੱਚੇ ਕਾਮਿਆਂ ਦੀ ਯੂਨੀਅਨਾਂ ਵੀ ਇਸ ਸੰਘਰਸ਼ ‘ਚ ਪਹਿਲਾਂ ਹੀ ਭਾਗੀਦਾਰੀ ਸਨ ਪਰ ਅੱਜ ਰਾਤ 12 ਵਜੇ ਤੋਂ ਉਹ ਔਜਾਰ ਛੋੜ ਹੜਤਾਲ ‘ਚ ਸ਼ਾਮਿਲ ਹੋ ਜਾਣਗੇ।
ਰਣਜੀਤ ਸਿੰਘ ਢਿੱਲੋਂ, ਸੂਬਾਈ ਆਗੂ ਐਡੀਸ਼ਨਲ ਐਸਡੀਓ ਰਘਵੀਰ ਸਿੰਘ ਅਤੇ ਰਛਪਾਲ ਸਿੰਘ ਪਾਲੀ ਨੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆ ਲਈ ਮੁਆਫੀ ਵੀ ਮੰਗੀ ਗਈ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਇਸਦਾ ਦੋਸ਼ੀ ਪੰਜਾਬ ਸਰਕਾਰ, ਬਿਜਲੀ ਮੰਤਰੀ ਤੇ ਬਿਜਲੀ ਨਿਗਮ ਦੀ ਮੇਨੈਜਮੈਂਟ ਨੂੰ ਦੱਸਿਆ। ਪੈਨਸਰਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਨੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ, ਸੁਰਜੀਤ ਸਿੰਘ, ਸੋਬਨ ਸਿੰਘ, ਦੀਪਕ ਕੁਮਾਰ, ਹਿਰਦੈ ਰਾਮ, ਵਰੁਣ ਭਾਟੀਆ, ਓਮੇਸ਼ ਕੁਮਾਰ, ਗੱਬਰ ਸਿੰਘ, ਧਰਮਿੰਦਰ, ਧਰਮਪਾਲ, ਰਘਵੀਰ ਸਿੰਘ, ਮੁਨੀਸ਼ ਬੱਬਰ, ਕੇਵਲ ਸਿੰਘ ਅਕਾਸ਼ਦੀਪ, ਸੁਖਦੇਵ ਸਿੰਘ, ਦਾਨ ਬਹਾਦਰ, ਨਰਿੰਦਰ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਸ਼ੰਮੀ, ਲਖਵੀਰ ਸਿੰਘ, ਅਮਿਤ ਕੁਮਾਰ, ਸੁਰਜੀਤ ਸਿੰਘ ਗਾਬਾ, ਗੌਰਵ ਕੁਮਾਰ, ਬਲਰਾਜ ਸਿੰਘ, ਪਵਨ ਕੁਮਾਰ, ਬਲਜੀਤ ਸਿੰਘ ਅਤੇ ਹੋਰ ਹਾਜਰ ਸਨ।