ਚੰਡੀਗੜ੍ਹ 12 ਸਤੰਬਰ ( ਖ਼ਬਰ ਖਾਸ ਬਿਊਰੋ)
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਪੱਤਰਕਾਰ ਅਮਨਦੀਪ ਠਾਕੁਰ ਖ਼ਿਲਾਫ਼ ਮੁਹਾਲੀ ਪੁਲੀਸ ਵੱਲੋਂ ਐਫ.ਆਈ.ਆਰ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਠਾਕੁਰ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦਾ ਦਾਅਵਾ ਕਰਨ ਵਾਲੇ ਕਥਿਤ ਫ਼ਰਜ਼ੀ ਸਟੱਡੀ ਸੈਂਟਰਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਜਥੇਬੰਦੀ ਨੇ ਕਿਹਾ ਕਿ ਪੱਤਰਕਾਰਾਂ ਨੂੰ ਅਖੌਤੀ ਟਰੈਵਲ ਏਜੰਟਾਂ ਅਤੇ ਗੈਰ-ਕਾਨੂੰਨੀ ਮਾਈਨਿੰਗ ਗਰੁੱਪਾਂ ਦੇ ਇਸ਼ਾਰੇ ‘ਤੇ ਇਸ ਕੇਸ ਵਿੱਚ ਫਸਾਇਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਖ਼ਬਰਾਂ ਪ੍ਰਕਾਸ਼ਿਤ ਕਰਨ ਲਈ ਮੀਡੀਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ, ਪ੍ਰਧਾਨ ਬਲਬੀਰ ਜੰਡੂ, ਮੀਤ ਪ੍ਰਧਾਨ ਜੈ ਸਿੰਘ ਛਿੱਬਰ, ਸਕੱਤਰ ਸੰਤੋਖ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਤੋਂ ਇਸ ਮਾਮਲੇ ਦੀ ਫ਼ੌਰੀ ਨਿਰਪੱਖ ਜਾਂਚ ਦੇ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਪੱਤਰਕਾਰਾਂ ਦਾ ਇਸ ਹੱਦ ਤੱਕ ਸ਼ੋਸ਼ਣ ਬਰਦਾਸ਼ਤ ਯੋਗ ਨਹੀਂ ਹੈ ਕਿ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾਵੇ ਅਤੇ ਉਨ੍ਹਾਂ ਨੂੰ ਪੱਤਰਕਾਰ ਵਜੋਂ ਆਪਣੀ ਡਿਊਟੀ ਕਰਨ ਤੋਂ ਰੋਕਿਆ ਜਾਵੇ।