ਚੰਡੀਗੜ੍ਹ 11 ਸਤੰਬਰ (Khabar Khass Bureau)
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਚਰਚਾ ਹੈ ਕਿ ਡਰੱਗ ਦੇ ਦੋਸ਼ਾਂ ਵਿਚ ਘਿਰੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਜਾਂਚ ਦਾ ਘੇਰਾ ਵਧਾਉਂਦੇ ਹੋਏ ਸੂਬਾ ਸਰਕਾਰ ਨੇ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਸੌਂਪ ਦਿੱਤੀ ਹੈ।
ਚਰਚਾ ਹੈ ਕਿ ਈਡੀ ਨੇ ਬਕਾਇਦਾ ਡੀਆਈਜੀ ਪਟਿਆਲਾ ਰੇਂਜ ਨੂੰ ਪੱਤਰ ਲਿਖ ਕੇ ਐਫਆਈਆਰ ਦੇ ਵੇਰਵੇ, ਜਾਂਚ ਦੀ ਸਥਿਤੀ, ਗਵਾਹਾਂ ਦੇ ਬਿਆਨ, ਮਜੀਠੀਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦੇ ਵੇਰਵੇ, ਵੱਖ ਵੱਖ ਕੰਪਨੀਆਂ ਜਾਂ ਫਰਮਾਂ ਦਾ ਰਿਕਾਰਡ ਅਤੇ ਮੈਂਬਰਾਂ ਦੀ ਆਮਦਨ ਟੈਕਸ ਰਿਟਰਨ ਮੰਗੀ ਹੈ। ਪਤਾ ਚੱਲਿਆ ਹੈ ਕਿ ਵਿਸੇਸ਼ ਜਾਂਚ ਟੀਮ ਨੇ 13 ਅਗਸਤ ਨੂੰ ਈਡੀ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਪੈਸੇ ਦੀ ਲੁੱਟ ਦਾ ਖਦਸ਼ਾ ਪ੍ਰਗਟਾਇਆ ਸੀ। ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਿਦੇਸ਼ੀ ਕੰਪਨੀਆਂ ਅਤੇ ਪਰਿਵਾਰਕ ਫਰਮਾਂ ਤੋਂ 436 ਕਰੋੜ ਰੁਪਏ ਤੋਂ ਵੱਧ ਦੀ ਮਨੀ ਲਾਂਡਰਿੰਗ ਹੋਈ ਹੈ। ਐਸਆਈਟੀ ਨੇ ਜ਼ਮੀਨੀ ਸੌਦਿਆਂ ‘ਤੇ ਵੀ ਸਵਾਲ ਉਠਾਏ ਹਨ। ਜਿਸਤੋਂ ਬਾਅਦ ਈਡੀ ਨੇ ਜਾਂਚ ਸ਼ੁਰੂ ਕੀਤੀ ਹੈ।
ਸਰਕਾਰ ਨੇ ਕੀਤਾ ਮੀਡੀਆ ਟ੍ਰਾਈਲ
ਬਿਕਰਮ ਮਜੀਠੀਆ ਨੇ ਈਡੀ ਨੂੰ ਕੇਸ ਦੇਣ ਬਾਰੇ ਖ਼ਬਰਾਂ ਨਸ਼ਰ ਹੋਣ ਬਾਅਦ ਸ਼ੋਸ਼ਲ ਮੀਡੀਆ ਉਤੇ ਇਕ ਵੀਡਿਓ ਜਾਰੀ ਕਰਕੇ ਕਿਹਾ ਕਿ ਸਰਕਾਰ ਨੇ ਪੰਜ ਵਿਸ਼ੇਸ ਜਾਂਚ ਟੀਮਾਂ (ਸਿੱਟ) ਬਣਾਈਆਂ ਸਨ। ਕਿਸੇ ਵੀ ਜਾਂਚ ਟੀਮ ਨੂੰ ਕੁੱਝ ਨਹੀਂ ਲੱਭਿਆ। ਉਨਾਂ ਦੋਸ਼ ਲਾਇਆ ਕਿ ਆਪ ਸਰਕਾਰ ਨੇ ਮੀਡੀਆ ਟਰਾਇਲ ਕਰਨ ਲਈ ਇਹ ਖ਼ਬਰ ਪਲਾਂਟ ਕੀਤੀ ਹੈ। ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਜਿਸਤੋਂ ਮਰਜ਼ੀ ਜਾਂਚ ਕਰਵਾ ਲੈਣ , ਜੋ ਮਰਜ਼ੀ ਕਰ ਲੈਣ ਉਹ ਕਾਂਗਰਸੀ ਆਗੂਆਂ ਵਾਂਗ ਰਾਤ ਨੂੰ ਟੋਪੀ ਪਾਕੇ ਮਿਲਣ ਨਹੀਂ ਜਾਣਗੇ। ਉਹਨਾਂ ਕਿਹਾ ਕਿ ਉਹ ਸਰਕਾਰ ਖਿਲਾਫ਼ ਪਹਿਲਾਂ ਵੀ ਬੋਲਦੇ ਰਹੇ ਹਨ ਅਤੇ ਅੱਗੇ ਤੋਂ ਵੀ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਬੋਲਦੇ ਰਹਿਣਗੇ ,ਪਰ ਮੁੱਖ ਮੰਤਰੀ ਅੱਗੇ ਝੁਕਣਗੇ ਨਹੀਂ। ਮਜੀਠਈ ਨੇ ਕਿਹਾ ਕਿ ਸਰਕਾਰ ਅਦਾਲਤ ਵਿਚ ਚਾਲਾਨ ਪੇਸ਼ ਕਰਨ ਉਤੇ ਕਿਉਂ ਘਬਰਾ ਰਹੀ ਹੈ। ਆਖ਼ਰ ਜਿੱਤ ਸੱਚ ਦੀ ਹੋਣੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਰ ਮੰਨ ਲਈ ਹੈ ਕਿਉਂਕਿ ਉਸਦੀਆਂ ਪੰਜ ਸਿੱਟਾਂ ਕੁੱਝ ਨਹੀਂ ਕਰ ਸਕੀਆਂ ਤੇ ਮਾਮਲਾ ਉਸੀ ਈਡ਼ੀ ਨੂੰ ਸੌਂਪਿਆ ਹੈ, ਜਿਸ ਬਾਰੇ ਆਪ ਆਗੂ ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ, ਸੰਜੈ ਸਿੰਘ ਨੂੰ ਲੈਕੇ ਈਡੀ ਖਿਲਾਫ਼ ਬੋਲਦੇ ਰਹੇ ਹਨ।
ਕਦੋਂ ਕੀ ਹੋਇਆ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ 20 ਦਸੰਬਰ, 2021 ਨੂੰ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ 2022 ਦੀ ਵਿਧਾਨ ਸਭਾ ਚੋਣਾਂ ਲਈ ਉਸਨੂੰ ਸ਼ਰਤਾਂ ਤਹਿਤ ਜਮਾਨਤ ਮਿਲ ਗਈ ਸੀ। ਚੋਣਾਂ ਬਾਅਦ ਮਜੀਠੀਆ ਨੇ ਫਿਰ ਆਤਮ ਸਮਰਪਣ ਕੀਤਾ ਅਤੇ ਕੁੱਝ ਮਹੀਨੇ ਪਟਿਆਲਾ ਜੇਲ ਵਿਚ ਬੰਦ ਰਹੇ ਸਨ ਅਤੇ ਜਮਾਨਤ ਉਤੇ ਬਾਹਰ ਆਏ ਸਨ।