ਡਾਕਟਰਾਂ ਖਿਲਾਫ਼ ਹਿੰਸਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ : ਬਲਬੀਰ ਸਿੰਘ

ਚੰਡੀਗੜ੍ਹ, 10 ਸਤੰਬਰ ( Khabar Khass Bureau)

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ  ਕਿਹਾ ਕਿ ਸਿਹਤ ਕਾਮਿਆ, ਡਾਕਟਰਾਂ ਵਿਰੁੱਧ ਹਿੰਸਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।।
ਮੈਡੀਕਲ ਕਾਮਿਆ  ਵਿਰੁੱਧ ਵਧ ਰਹੇ ਹਿੰਸਾ ਦੇ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ, ਸਿਹਤ ਮੰਤਰੀ ਅੱਜ ਸਰਕਾਰੀ ਸਿਹਤ ਸਹੂਲਤਾਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਸੀਪੀਜ਼/ਐਸਐਸਪੀਜ਼ ਅਤੇ ਸਿਵਲ ਸਰਜਨਾਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ‘ਪੰਜਾਬ ਪ੍ਰੋਟੈਕਸ਼ਨ ਆਫ਼ ਮੈਡੀਕੇਅਰ ਸਰਵਿਸ ਪਰਸਨਜ਼ ਐਂਡ ਮੈਡੀਕੇਅਰ ਸਰਵਿਸ ਇੰਸਟੀਚਿਊਸ਼ਨਜ਼ (ਪ੍ਰੀਵੈਂਸ਼ਨ ਆਫ ਵਾਇਲੈਂਸ ਐਂਡ ਡੈਮੇਜ ਟੂ ਪ੍ਰਾਪਰਟੀ) ਐਕਟ, 2008’ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੀਆਂ ਸਿਹਤ ਸਹੂਲਤਾਂ ਵਿਖੇ – ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ – ਡਿਸਪਲੇ ਬੋਰਡ ਲਗਾਏ ਜਾਣ, ਜਿਹਨਾਂ ‘ਤੇ ਇਸ ਐਕਟ ਦੀਆਂ ਧਾਰਾਵਾਂ, ਜੁਰਮਾਨੇ ਅਤੇ ਸਜ਼ਾਵਾਂ ਅਤੇ ਪੁਲਿਸ ਸਟੇਸ਼ਨਾਂ ਦੇ ਨੰਬਰਾਂ ਨੂੰ ਦਰਸਾਇਆ ਜਾਵੇ।
ਸਿਹਤ ਮੰਤਰੀ ਨੇ ਮਰੀਜ਼ਾਂ ਦੀ ਵੱਧ ਆਮਦ ਵਾਲੀਆਂ ਸਾਰੀਆਂ ਸਿਹਤ ਸੰਸਥਾਵਾਂ ਨੂੰ ਨਜ਼ਦੀਕੀ ਪੁਲਿਸ ਚੌਂਕੀ/ਸਟੇਸ਼ਨ ਨਾਲ ਜੋੜਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਸਿਹਤ ਸਹੂਲਤਾਂ ‘ਤੇ ਹੋਮਗਾਰਡਾਂ ਦੀ ਤਾਇਨਾਤੀ, ਸੀ.ਸੀ.ਟੀ.ਵੀ. ਕੈਮਰੇ ਲਗਾਉਣ ਅਤੇ ਢੁਕਵੀਂ ਰੋਸ਼ਨੀ ਸਮੇਤ ਪੁਖਤਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਉਨ੍ਹਾਂ ਸੁਝਾਅ ਦਿੱਤਾ ਕਿ ਮਰੀਜ਼ਾਂ ਦੇ ਦਾਖਲੇ ਨੂੰ ਸੁਚਾਰੂ ਬਣਾਉਣ ਲਈ, ਇਨ-ਪੇਸ਼ੈਂਟ ਡਿਪਾਰਟਮੈਂਟ (ਆਈਪੀਡੀ) ਖੇਤਰ ਵਿੱਚ ਮਰੀਜ਼ ਨਾਲ ਸਿਰਫ਼ ਇੱਕ ਵਿਅਕਤੀ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਜਿਨਸੀ ਸ਼ੋਸ਼ਣ ਬਾਰੇ ਸਿਹਤ ਸਹੂਲਤ ਦੇ ਇੰਚਾਰਜ ਦੀ ਅਗਵਾਈ ਵਿੱਚ ਪੰਜ ਮੈਂਬਰੀ ਅੰਦਰੂਨੀ ਕਮੇਟੀ ਗਠਿਤ ਕਰਨ ਅਤੇ ਇਸ ਕਮੇਟੀ ਵਿੱਚ ਤਿੰਨ ਮਹਿਲਾ ਮੈਂਬਰਾਂ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ।
ਡਾ. ਬਲਬੀਰ ਸਿੰਘ ਨੇ ਹੈਲਥਕੇਅਰ ਸਟਾਫ਼ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਨਾਲ ਹਮਦਰਦੀ ਅਤੇ ਸ਼ਿਸ਼ਟਾਚਾਰ ਨਾਲ ਪੇਸ਼ ਆਉਣ ਦੀ ਵੀ ਅਪੀਲ ਕੀਤੀ ਕਿਉਂਕਿ ਉਹ ਅਕਸਰ ਪਹਿਲਾਂ ਹੀ ਤਣਾਅ ਅਤੇ ਚਿੰਤਾ ਵਿੱਚ ਹਸਪਤਾਲ ਆਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮਰੀਜ਼ਾਂ ਨੂੰ ਡਾਕਟਰਾਂ/ਸਿਹਤ ਸੰਭਾਲ ਪੇਸ਼ੇਵਰਾਂ ਵੱਲੋਂ ਦਿੱਤੇ ਜਾਂਦੇ ਇਲਾਜ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਪਹੁੰਚ ਕਰ ਸਕਦੇ ਹਨ ਅਤੇ ਇਸ ਕਮੇਟੀ ਵੱਲੋਂ ਲੋੜੀਂਦੀ ਕਾਰਵਾਈ ਲਈ ਮਾਮਲੇ ਦੀ ਢੁਕਵੀਂ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਡੇਂਗੂ ਦੇ ਮਾਮਲਿਆਂ ਵਿੱਚ ਆਈ ਹਲਕੀ ਤੇਜ਼ੀ ਦੇ ਮੱਦੇਨਜ਼ਰ, ਸਿਹਤ ਮੰਤਰੀ ਨੇ ਸੂਬੇ ਵਿੱਚ ਜੀਵਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਕੀਤੇ ਗਏ ਉਪਾਵਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਹੌਟਸਪੌਟ ਖੇਤਰਾਂ ਵਿੱਚ ਘਰ-ਘਰ ਜਾ ਕੇ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਉਨ੍ਹਾਂ ਲੋਕਾਂ ਨੂੰ ਡੇਂਗੂ ਦੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਦੀ ਅਪੀਲ ਕੀਤੀ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

Leave a Reply

Your email address will not be published. Required fields are marked *