ਚੰਡੀਗੜ੍ਹ 10 ਸਤੰਬਰ (Khabar Khass Bureau)
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਬੀਤੇ ਦਿਨੀਂ ਪੰਜਾਬ ਸਰਕਾਰ ਦੁਆਰਾ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਪੈਟ੍ਰੋਲ ਡੀਜ਼ਲ ਦੇ ਰੇਟਾਂ ਵਿੱਚ ਅਤੇ ਬੱਸਾਂ ਦੇ ਕਿਰਾਇਆਂ ਵਿੱਚ ਭਾਰੀ ਵਾਧਾ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਇਹ ਵਾਧੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਹੈ ਕਿ ਪਹਿਲਾਂ ਹੀ ਘੋਰ ਆਰਥਿਕ ਮੰਦਹਾਲੀ ਕਾਰਨ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਆਮ ਕਿਸਾਨਾਂ, ਖੇਤ ਮਜ਼ਦੂਰਾਂ ਤੇ ਕਿਰਤੀ ਲੋਕਾਂ ਉੱਤੇ ਹੋਰ ਬੋਝ ਪਾ ਕੇ ਆਪ ਸਰਕਾਰ ਨੇ ਆਪਣੇ ਉਸ ਚੋਣ ਵਾਅਦੇ ਨੂੰ ਖੁਦ ਪੈਰਾਂ ਹੇਠ ਮਸਲਿਆ ਹੈ ਜੀਹਦੇ ਮੁਤਾਬਕ ਪੰਜਾਬ ਦੇ ਲੋਕਾਂ ਉੱਤੇ ਕੋਈ ਨਵਾਂ ਬੋਝ ਨਾ ਪਾਉਣ ਦਾ ਦਾਅਵਾ ਕੀਤਾ ਗਿਆ ਸੀ। ਪਹਿਲਾਂ ਹੀ ਅੰਤਾਂ ਦੀ ਮਹਿੰਗਾਈ ਦੇ ਝੰਬੇ ਹੋਏ ਕਿਸਾਨ ਮਜ਼ਦੂਰ ਤੇ ਕਿਰਤੀ ਲੋਕ ਹੋਰ ਆਰਥਿਕ ਬੋਝ ਝੱਲਣ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ। ਆਪਣੇ ਬਿਆਨ ਵਿੱਚ ਕਿਸਾਨ ਆਗੂਆਂ ਨੇ ਪੰਜਾਬ ਭਰ ਦੇ ਸਰਕਾਰੀ ਡਾਕਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਡਾਕਟਰਾਂ ਦੀ ਖਾਸ ਕਰਕੇ ਔਰਤ ਡਾਕਟਰਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਸਮੇਤ ਉਨ੍ਹਾਂ ਦੀਆਂ ਭਖਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।