ਅੰਮ੍ਰਿਤਸਰ, 9 ਸਤੰਬਰ, (ਖ਼ਬਰ ਖਾਸ ਬਿਊਰੋ)
ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਡਸਾ ਅਤੇ ਸੋਹਨ ਸਿੰਘ ਠੰਡਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ । ਇਹਨਾਂ ਅਕਾਲੀ ਆਗੂਆਂ ਨੇ ਆਪਣਾ ਸਪਸ਼ਟੀਕਰਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤਾ ਹੈ।
ਵਰਨਨ ਯੋਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਹੀਆ ਕਰਾਰ ਦਿੱਤਾ ਸੀ ਉੱਥੇ ਅਕਾਲੀ ਦਲ ਦੀ ਸਰਕਾਰ ਵਿੱਚ ਰਹੇ 17 ਸਿੱਖ ਸਾਬਕਾ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਵੀ ਕਿਹਾ ਗਿਆ ਸੀ | ਪਿਛਲੇ ਦਿਨੀਂ 7 ਸਾਬਕਾ ਮੰਤਰੀ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ।
ਬੀਬੀ ਜਗੀਰ ਕੌਰ ਨੇ ਇਹ ਸਪਸ਼ਟੀਕਰਨ ਦਿੱਤਾ
ਬੀਬੀ ਜਗੀਰ ਕੌਰ ਨੇ ਦਿੱਤੇ ਸਪਸ਼ਟੀਕਰਨ ਵਿਚ ਕਿਹਾ ਕਿ ਉਹ (ਮੈਂ )2007 ਤੋਂ 2012 ਦੀ ਸਰਕਾਰ ਸਮੇਂ ਵਿਧਾਨ ਵਿਧਾਨ ਸਭਾ ਦੀ ਮੈਂਬਰ ਨਹੀਂ ਸੀ ਇਸ ਕਰਕੇ ਮੈਂ ਕੈਬਨਿਟ ਦਾ ਹਿੱਸਾ ਨਹੀਂ ਸੀ । 2012 ਤੋਂ 2017 ਦੀ ਸਰਕਾਰ ਵਿੱਚ ਮੈਂ 14 ਮਾਰਚ 2012 ਨੂੰ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕੀ ਸੀ ਅਤੇ 30 ਮਾਰਚ 2012 ਨੂੰ ਕੈਬਨਿਟ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕੇਵਲ 16 ਦਿਨ ਹੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੀ। ਇਸ ਸਮੇਂ ਦੌਰਾਨ ਚਲੰਤ ਕੇਸਾਂ ਵਿੱਚ ਦਰਜ ਗੁਨਾਹਾਂ ਬਾਬਤ ਕੋਈ ਵੀ ਕਾਰਵਾਈ ਜਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਨਹੀਂ ਲਿਆ ਗਿਆ। ਜਿਸ ਵਿੱਚ ਕਿਸੇ ਵੀ ਕਿਸਮ ਦੀ ਮੇਰੀ ਸ਼ਮੂਲੀਅਤ ਹੋਵੇ। ਰਹਿੰਦੀ ਸਰਕਾਰ ਵਿੱਚ ਬਤੌਰ ਐਮਐਲਏ ਜਾਂ ਬਤੌਰ ਪਾਰਟੀ ਦੀ ਸੇਵਾਦਾਰ ਵੀ ਇਹਨਾਂ ਮਸਲਿਆਂ ਵਿੱਚ ਨਾ ਤਾਂ ਮੇਰੀ ਕੋਈ ਸਲਾਹ ਜਾਂ ਸੁਝਾਅ ਲਿਆ ਗਿਆ ਅਤੇ ਨਾ ਹੀ ਕਿਸੇ ਕਾਰਵਾਈ ਜਾਂ ਫੈਸਲੇ ਵਿੱਚ ਮੇਰੀ ਸ਼ਮੂਲੀਅਤ ਹੋਈ। ਬਤੌਰ ਪਾਰਟੀ ਦੀ ਜੁੰਮੇਵਾਰ ਸੇਵਾਦਾਰ ਮੈਂ ਸਿੱਖ ਸਿਧਾਂਤਾਂ ਤੇ ਸਮੇਂ-ਸਮੇਂ ਸਿਰ ਪਹਿਰੇਦਾਰੀ ਕਰਦਿਆਂ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦੀ ਪਕੜ ਬਹੁਤ ਮਜਬੂਤ ਹੋਣ ਕਾਰਨ ਮੇਰੀ ਕੌਮੀ ਚਾਰਾਜੋਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵਿਰੋਧੀ ਭੂਮਿਕਾ ਵਜੋਂ ਦਰਜ ਕੀਤਾ। ਜਿਸ ਦੇ ਨਤੀਜੇ ਵਜੋਂ ਵਾਰ ਵਾਰ ਮੈਂ ਮੁੱਖ ਆਗੂਆਂ ਦੇ ਵਿਰੋਧ ਦਾ ਸ਼ਿਕਾਰ ਵੀ ਹੋਈ। ਜਿਸ ਦੇ ਨਤੀਜੇ ਵਜੋਂ ਦੋ ਵਾਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਿਨਾਂ ਕਿਸੇ ਕਾਰਨ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਵਾਰ-ਵਾਰ ਆਵਾਜ਼ ਚੁੱਕਣ ਤੇ ਸੁਣਵਾਈ ਨਹੀਂ ਹੋਈ। ਦੋਸ਼ੀਆਂ ਵੱਲੋਂ ਹੋਈਆਂ ਸਾਰੀਆਂ ਗਲਤੀਆਂ ਗੁਨਾਹਾਂ ਦਾ ਰੂਪ ਧਾਰਨ ਕਰ ਗਈਆਂ ਅਤੇ ਕੌਮੀ ਸੰਸਥਾ ਨੂੰ ਸਿੱਖ ਕੌਮ ਨੇ ਰਾਜਸੀ ਤੌਰ ਤੇ ਵੱਡਾ ਝਟਕਾ ਦਿੱਤਾ। ਪੰਥ ਦੀ ਸ੍ਰੋਮਣੀ ਰਾਜਨੀਤਿਕ ਸੰਸਥਾ ਵਿੱਚੋਂ ਆਏ ਅੱਤ ਦੇ ਨਿਘਾਰ ਮਗਰੋਂ ਬਾਕੀ ਸੀਨੀਅਰ ਸ੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨਾਲ ਰਲਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਪੱਤਰ ਪੇਸ਼ ਕਰਕੇ ਸ਼੍ਰੋਮਣੀ ਸੰਸਥਾ ਨੂੰ ਬਚਾਉਣ ਲਈ ਜੋ ਪਾਰਟੀ ਅੰਦਰ ਲੰਮੇ ਸਮੇਂ ਤੋਂ ਚਰਚਾ ਸੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਬਹੁਤ ਹੀ ਨਿਮਾਣੇ ਭਾਵ ਨਾਲ ਗੁਰੂ ਪੰਥ ਨੂੰ ਪੂਰਨ ਸਮਰਪਿਤ ਹੁੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਿਰ ਨਿਵਾ ਕੇ ਆਪ ਦੇ ਸਨਮੁਖ ਹਾਜ਼ਰ ਹਾਂ ਇਸ ਬਾਬਤ ਆਪ ਦਾ ਜੋ ਵੀ ਹੁਕਮ ਹੋਵੇਗਾ ਸਿਰ ਝੁਕਾ ਕੇ ਪ੍ਰਵਾਨ ਹੋਵੇਗਾ।