ਸ਼੍ਰੀ ਮੁਕਤਸਰ ਸਾਹਿਬ, 9 ਸਤੰਬਰ (ਖ਼ਬਰ ਖਾਸ ਬਿਊਰੋ)
ਨਿੱਘੇ ਤੇ ਨੇੜ੍ਹਲੇ ਰਿਸ਼ਤੇ ਵੀ ਹੁਣ ਖੂਨ ਦੇ ਪਿਆਸੇ ਹੋ ਲੱਗੇ ਹਨ। ਸਮਾਜਿਕ ਕਦਰਾਂ ਕੀਮਤਾਂ ਦੀ ਥਾਂ ਲੋਕੀਂ ਪੈਸੇ ਨੂੰ ਤਰਜੀਹ ਦੇਣ ਲੱਗੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁੱਤ ਨੇ ਪੈਸਿਆਂ ਪਿੱਛੇ ਆਪਣੀ ਵਿਰਾਸਤੀ ਵੇਲ੍ਹ ਨੂੰ ਵੱਢ ਦਿੱਤਾ ਹੈ।
ਪਿੰਡ ਮਰਾੜ ਕਲਾਂ ਦੇ ਕਿਸਾਨ ਦੇ ਕਤਲ ਮਾਮਲੇ ਵਿਚ ਹੈਰਾਨ ਅਤੇ ਦਿਲ ਨੂੰ ਕੰਬਾਉਣ ਵਾਲੇ ਤੱਥ ਸਾਹਮਣੇ ਆਏ ਹਨ। ਪੰਜਾਬ ਪੁਲਿਸ ਨੇ ਕਿਸਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਦੁੱਖ ਇਸ ਗੱਲ ਦਾ ਹੈ ਕਿ ਪੁੱਤ ਨੇ ਹੀ ਆਪਣੀ ਵਿਰਾਸਤੀ ਵੇਲ੍ਹ ਵੱਢੀ ਹੈ। ਭਾਵ ਪੁੱਤ ਹੀ ਆਪਣੇ ਬਾਪ ਦਾ ਕਾਤਲ ਨਿਕਲਿਆ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਲਯੁਗੀ ਪੁੱਤਰ (ਮੁਲਜ਼ਮ) ਆਪਣੇ ਪਿਤਾ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਵਾਈ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਰਸਤੇ ਵਿੱਚ ਹੀ ਉਸਦੀ ਜੀਵਨ ਲੀਲਾ ਖ਼ਤਮ ਕਰ ਦਿੱਤੀ।
ਆਨਲਾਈਨ ਗੇਮ ‘ਚ ਗੁਆਏ 25 ਲੱਖ ਰੁਪਏ ਬਣੇ ਕਤਲ ਦਾ ਕਾਰਨ
ਕੁੱਝ ਦਿਨ ਪਹਿਲਾਂ ਪਿੰਡ ਮਰਾੜ ਕਲਾਂ (ਸ਼੍ਰੀ ਮੁਕਤਸਰ ਸਾਹਿਬ) ਦੇ ਕਿਸਾਨ ਲਖਬੀਰ ਸਿੰਘ ਦਾ ਕਤਲ ਹੋ ਗਿਆ ਸੀ। ਇਹ ਕਤਲ ਲਖਬੀਰ ਸਿੰਘ ਦੇ ਪੁੱਤ ਪਿਆਰਜੀਤ ਸਿੰਘ ਨੇ ਕੀਤਾ ਅਤੇ ਖੁਦ ਨੂੰ ਲੁੱਟ ਦਾ ਮਾਮਲਾ ਦੱਸ ਕੇ ਕਾਰ ਦੀ ਭੰਨ-ਤੋੜ ਕਰਕੇ ਪੁਲੀਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਦੀਆਂ ਨਜ਼ਰਾਂ ਤੋਂ ਦੋਸ਼ੀ ਬਚ ਨਾ ਸਕਿਆ।
SSP ਨੇ ਦੱਸਿਆ ਇਹ ਕਾਰਨ
ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਵਿਚ ਖ਼ੁਲਾਸਾ ਕੀਤਾ ਕਿ ਉਹ ਆਨਲਾਈਨ ਰੰਮੀ ਗੇਮ ਵਿੱਚ 25 ਲੱਖ ਰੁਪਏ ਹਾਰ ਗਿਆ। ਉਸ ਦਾ ਪਿਤਾ ਲਖਬੀਰ ਸਿੰਘ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਯੋਜਨਾਬੱਧ ਤਰੀਕੇ ਨਾਲ ਆਪਣੇ ਪਿਤਾ ਦਾ ਕਤਲ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਐਸਐਸਪੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 5.30 ਵਜੇ ਬਰੀਵਾਲਾ ਦੇ ਪਿੰਡ ਮਰਾੜ ਕਲਾਂ ਵਿੱਚ ਇੱਕ ਵਿਅਕਤੀ ਦੇ ਕਤਲ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਮ੍ਰਿਤਕ ਦੇ ਪੁੱਤਰ ਪਿਆਰਜੀਤ ਸਿੰਘ ਨੇ ਘਟਨਾ ਸਬੰਧੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਨਾਲ ਪੀ.ਜੀ.ਆਈ. ਦੀ ਦਵਾਈ ਲੈਣ ਲਈ ਘਰੋਂ ਨਿਕਲਿਆ ਸੀ ਤਾਂ ਰਸਤੇ ‘ਚ ਉਸ ਦੀ ਵਿੰਡਸ਼ੀਲਡ ‘ਤੇ ਪੱਥਰ ਲੱਗਾ ਹੋਇਆ ਸੀ। ਗੱਡੀ ਰੇਲਵੇ ਫਾਟਕ ਤੋਂ ਥੋੜੀ ਅੱਗੇ ਆ ਗਈ। ਜਦੋਂ ਉਸਨੇ ਕਾਰ ਰੋਕੀ ਤਾਂ ਪੰਜ ਨਕਾਬਪੋਸ਼ ਆਏ ਅਤੇ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸਦਾ ਮੋਬਾਈਲ ਫ਼ੋਨ ਅਤੇ ਪੈਸੇ ਖੋਹ ਲਏ। ਇਸੀ ਤਰਾਂ ਦੋਸ਼ੀਆਂ ਨੇ ਤੇਜ਼ਧਾਰ ਰਾਡ ਨਾਲ ਉਸਦੇ ਪਿਤਾ ਦੀ ਗਰਦਨ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਲੁਟੇਰੇ ਫ਼ਰਾਰ ਹੋ ਗਏ। ਪੁਲਿਸ ਨੇ ਪਿਆਰਜੀਤ ਦੇ ਬਿਆਨਾਂ ‘ਤੇ ਥਾਣਾ ਬਰੀਵਾਲਾ ‘ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਕੋਈ ਚੀਜ਼ ਨਹੀਂ ਮਿਲੀ। ਜਦੋਂ ਪੁਲਿਸ ਟੀਮਾਂ ਨੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਿਆਰਜੀਤ ‘ਤੇ ਸ਼ੱਕ ਹੋਣ ਲੱਗਾ ਕਿਉਂਕਿ ਉਹ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਸੀ। ਫਿਰ ਸ਼ਨੀਵਾਰ ਨੂੰ ਜਦੋਂ ਪਿਆਰਜੀਤ ਨੂੰ ਹਿਰਾਸਤ ‘ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਹੀ ਆਪਣੇ ਪਿਤਾ ਲਖਬੀਰ ਦੀ ਗਰਦਨ ‘ਤੇ ਚਾਕੂ ਨਾਲ ਚਾਰ ਵਾਰ ਕਰਕੇ ਕਤਲ ਕੀਤਾ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਆਨਲਾਈਨ ਗੇਮਾਂ ਖੇਡਦਾ ਸੀ ਜਿਸ ਵਿੱਚ ਉਸ ਦਾ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਿਤਾ ਜੀ ਵਾਰ-ਵਾਰ ਪੈਸਿਆਂ ਬਾਰੇ ਪੁੱਛ ਰਹੇ ਸਨ। ਇਸ ਕਾਰਨ ਉਹ ਇੱਕ ਯੋਜਨਾ ਦੇ ਤਹਿਤ ਆਪਣੇ ਪਿਤਾ ਨੂੰ ਦਵਾਈ ਦਿਵਾਉਣ ਦੇ ਬਹਾਨੇ ਪੀ.ਜੀ.ਆਈ ਲੈ ਗਿਆ ਅਤੇ ਮਰਾੜ ਕਲਾਂ ਦੇ ਗੇਟ ਤੋਂ ਥੋੜ੍ਹਾ ਅੱਗੇ ਕਾਰ ਰੋਕ ਕੇ ਪਿਤਾ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ । ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਨੇ ਕਾਰ ਵਿੱਚ ਕਾਗਜ਼ ਰੱਖੇ ਹੋਏ ਸਨ, ਜਿਨ੍ਹਾਂ ਨੇ ਲੱਕੜ ਦੇ ਡੰਡੇ ਨਾਲ ਕਾਰ ਦੀ ਭੰਨਤੋੜ ਕੀਤੀ ਅਤੇ ਚਾਬੀਆਂ ਖੇਤਾਂ ਵਿੱਚ ਸੁੱਟ ਦਿੱਤੀਆਂ। ਪੁਲਿਸ ਟੀਮ ਨੇ ਖੇਤਾਂ ਵਿੱਚੋਂ ਕਾਰ ਦੀਆਂ ਚਾਬੀਆਂ ਵੀ ਬਰਾਮਦ ਕਰ ਲਈਆਂ ਹਨ।
ਇਸ ਤਰਾਂ ਲਾਡਾਂ ਪਿਆਰ ਨਾਲ ਪਾਲ਼ੇ ਪਿਆਰਜੀਤ ਨੇ 25 ਲੱਖ ਰੁਪਏ ਪਿੱਛੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।