ਚੰਡੀਗੜ੍ਹ, 7 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਸਲਾਹਕਾਰ ਦਰਬਾਰਾ ਸਿੰਘ ਗੁਰੂ ਨੇ 1986 ਦੇ ਨਕੋਦਰ ਪੁਲਿਸ ਫਾਇਰਿੰਗ ਮਾਮਲੇ ਨਾਲ ਕੋਈ ਸਰੋਕਾਰ ਹੋਣ ਦਾ ਜ਼ੋਰਦਾਰ ਖੰਡਨ ਕੀਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਕੁਝ ਤਾਕਤਾਂ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ।
ਗੁਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1986 ਵਿਚ ਨਕੋਦਰ ਵਿਚ ਪੁਲਿਸ ਫਾਇਰਿੰਗ ਵੇਲੇ ਉਹ ਜਲੰਧਰ ਵਿਚ ਏ ਡੀ ਸੀ ਵਜੋਂ ਤਾਇਨਾਤ ਸਨ ਪਰ ਉਹਨਾਂ ਦਾ ਗੋਲੀਬਾਰੀ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਘਟਨਾ ਦੇ ਬਾਅਦ ਮ੍ਰਿਤਕਾਂ ਦਾ ਪੋਸਟ ਮਾਰਟਮ ਵੀ ਕਰਵਾਇਆ ਗਿਆ ਸੀ।ਉਹਨਾਂ ਕਿਹਾ ਕਿ ਹੁਣ 38 ਸਾਲਾਂ ਬਾਅਦ ਇਹ ਮੁੱਦਾ ਸਿਰਫ ਉਹਨਾਂ ਨੂੰ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਉਛਾਲਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਜਦੋਂ ਵੀ ਉਹ ਚੋਣਾਂ ਲੜਦੇ ਹਨ ਜਾਂ ਉਹਨਾਂ ਦੀ ਨਿਯੁਕਤੀ ਕਿਸੇ ਅਹਿਮ ਅਹੁਦੇ ’ਤੇ ਹੁੰਦੀ ਹੈ ਤਾਂ ਇਹ ਮੁੱਦਾ ਫਿਰ ਤੋਂ ਉਛਾਲਿਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੁਝ ਤਾਕਤਾਂ ਸੌੜੇ ਹਿੱਤਾਂ ਵਾਸਤੇ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ।ਉਹਨਾਂ ਕਿਹਾ ਕਿ ਇਸ ਮਾਮਲੇ ਪਿੱਛੇ ਡੂੰਘੀ ਸਾਜ਼ਿਸ਼ ਹੈ ਜੋ ਸਮੇਂ ਦੇ ਨਾਲ ਹੀ ਬੇਨਕਾਬ ਹੋ ਜਾਵੇਗੀ। ਉਹਨਾਂ ਕਿਹਾ ਕਿ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਇਹ ਇਕ ਡੂੰਘੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ।