ਨਾਂਦੇੜ,20 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਮੇਠੀ ਵਾਂਗ ਇਸ ਵਾਰ ਲੋਕ ਸਭਾ ਚੋਣਾਂ ’ਚ ਕੇਰਲ ਦੇ ਵਾਇਨਾਡ ਹਲਕੇ ਤੋਂ ਕਾਂਗਰਸ ਦਾ ਯੁਵਰਾਜ ਹਾਰ ਜਾਵੇਗਾ। ਉਨ੍ਹਾਂ ਨੂੰ ਹੋਰ ਸੁਰੱਖਿਅਤ ਥਾਂ ਲੱਭਣੀ ਪਵੇਗੀ। ਨਾਂਦੇੜ ਅਤੇ ਹਿੰਗੋਲੀ ਸੀਟਾਂ ਤੋਂ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਲਈ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਤਾ ਲੱਗਿਆ ਹੈ ਕਿ ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦੇ ਹੱਕ ਵਿੱਚ ਇੱਕਤਰਫਾ ਵੋਟਾਂ ਪਈਆਂ ਹਨ। ਰਾਹੁਲ ਗਾਂਧੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ‘ਅਮੇਠੀ ਹਾਰਨ ਤੋਂ ਬਾਅਦ ਕਾਂਗਰਸ ਦੇ ਯਵਰਾਜ ਵਾਇਨਾਡ ’ਚ ਹਾਰਨਗੇ। ਇਸ ਲਈ ਉਨ੍ਹਾਂ ਨੂੰ 26 ਅਪਰੈਲ ਤੋਂ ਬਾਅਦ ਸੁਰੱਖਿਅਤ ਸੀਟ ਦੀ ਤਲਾਸ਼ ਕਰਨੀ ਪਵੇਗੀ।’ ਸੋਨੀਆ ਗਾਂਧੀ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਦੇ ਕੁਝ ਨੇਤਾ ਲੋਕ ਸਭਾ ਛੱਡ ਕੇ ਰਾਜ ਸਭਾ ਵਿੱਚ ਚਲੇ ਗਏ ਹਨ ਕਿਉਂਕਿ ਉਨ੍ਹਾਂ ਵਿੱਚ ਚੋਣ ਲੜਨ ਦੀ ਹਿੰਮਤ ਨਹੀਂ ਹੈ।