ਚੰਡੀਗੜ੍ਹ 4 ਸਤੰਬਰ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਸੈਸ਼ਨ ਅਣਮਿਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਬਾਅਦ ਵੀਰਵਾਰ ਸਵੇਰੇ ਪੰਜਾਬ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਸੱਦੀ ਹੈ। ਮੁੱਖ ਸਕੱਤਰ ਅਨੁਰਾਗ ਵਰਮਾ ਦੇ ਦਸਤਖਤਾਂ ਹੇਠ ਆਮ ਰਾਜ ਪ੍ਰਬੰਧ ਵਿਭਾਗ ਨੇ ਬੁੱਧਵਾਰ ਦੇਰ ਸ਼ਾਮ ਮੀਟਿੰਗ ਸਬੰਧੀ ਪੱਤਰ ਜਾਰੀ ਕਰਦੇ ਹੋਏ ਮੰਤਰੀਆਂ ਨੂੰ ਮੀਟਿੰਗ ਦਾ ਏਜੰਡਾ ਬਾਅਦ ਵੀ ਜਾਰੀ ਕਰਨ ਦੀ ਗੱਲ ਕਹੀ ਹੈ।
ਹਾਲਾਂਕਿ ਮੀਟਿੰਗ ਦੇ ਏਜੰਡੇ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਨਵੀਂ ਖੇਤੀ ਨੀਤੀ ਉਤੇ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪੰਜਾਬ ਸਰਕਾਰ ਉਤੇ ਖੇਤੀ ਨੀਤੀ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਸੈਕਟਰ 34 ਚੰਡੀਗੜ ਵਿਖੇ ਮੋਰਚਾ ਲਾਇਆ ਹੋਇਆ ਹੈ। ਹਾਲਾਂਕਿ ਕਿਸਾਨਾਂ ਨੇ ਪੰਜ ਸਤੰਬਰ ਤੱਕ ਮੋਰਚਾ ਲਾਉਣ ਦੀ ਗੱਲ ਕਹੀ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਨਾ ਕੀਤੇ ਜਾਣ ਕਾਰਨ ਉਹਨਾਂ ਪੱਕਾ ਮੋਰਚਾ ਲਾਉਣ ਦੀ ਧਮਕੀ ਵੀ ਦਿੱਤੀ ਹੈ।
ਬੁੱਧਵਾਰ ਨੂੰ ਮੁੱਖ ਸਕ੍ਤਰ ਅਨੁਰਾਗ ਵਰਮਾ ਦੀ ਕਿਸਾਨ ਆਗੂਆਂ ਨਾਲ ਸ਼ਾਮ ਪੰਜ ਵਜੇ ਮੀਟਿੰਗ ਤੈਅ ਹੋਈ ਸੀ, ਪਰ ਕਿਸਾਨ ਖੇਤੀ ਨੀਤੀ ਜਨਤਕ ਨਾ ਕੀਤੇ ਜਾਣ ਕਾਰਨ ਪੱਕਾ ਮੋਰਚਾ ਲਾਉਣ ਦੀ ਜਿੱਦ ਉਤੇ ਅੜੇ ਹੋਏ ਹਨ। ਜਿਸ ਕਰਕੇ ਮੁੱਖ ਸਕੱਤਰ ਨਾਲ ਮੀਟਿੰਗ ਮੁਲਤਵੀ ਹੋ ਗਈ।
ਹੁਣ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਸਵੇਰੇ ਗਿਆਰਾਂ ਵਜੇ ਮੰਤਰੀ ਮੰਡਲ ਨਾਲ ਨਵੀਂ ਖੇਤੀ ਨੀਤੀ ਉਤੇ ਚਰਚਾ ਕਰਨਗੇ। ਇਸਤੋ ਬਾਅਦ ਕਿਸਾਨ ਆਗੂਆਂ ਨਾਲ ਬਾਅਦ ਦੁਪਹਿਰ ਤਿੰਨ ਵਜੇ ਮੀਟਿੰਗ ਕੀਤੀ ਜਾਵੇਗੀ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਸਾਨ ਆਗੂਆਂ ਤੇ ਮੁੱਖ ਮੰਤਰੀ ਦਰਮਿਆਨ ਮੀਟਿੰਗ ਵਿਚ ਕਿਸਾਨੀ ਮਸਲੇ ਦਾ ਹੱਲ ਨਿਕਲੇਗਾ ਜਾਂ ਨਹੀਂ।
ਕੈਬਨਿਟ ਮੀਟਿੰਗ ਸਵੇਰੇ ਗਿਆਰਾਂ ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਹੋਵੇਗੀ।