ਚੰਡੀਗੜ੍ਹ 3 ਸਤੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਚਿੱਠੀ ਲਿਖਕੇ ਵੱਖ ਵੱਖ ਵਿਭਾਗਾਂ ਵਿਚ ਤਾਇਨਾਤ ਭ੍ਰਿਸ਼ਟ ਅਫ਼ਸਰਾਂ ਬਾਰੇ ਰਿਪੋਰਟ ਮੰਗੀ ਹੈ। ਸਪੀਕਰ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਤੋਂ ਏਐਸਆਈ ਬੋਹੜ ਸਿੰਘ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਰਿਪੋਰਟ ਮੰਗੀ ਸੀ, ਪਰ ਬੀਤੇ ਕੱਲ ਵਿਧਾਨ ਸਭਾ ਸੈਸ਼ਨ ਵਿਚ ਵੱਖ ਵੱਖ ਵਿਭਾਗਾਂ ਵਿਚ ਬੈਠੀਆਂ ਕਾਲੀਆਂ ਭੇਡਾਂ ਦੀ ਗੱਲ ਹੋਈ, ਜਿਸ ਕਰਕੇ ਸੂਬਾ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਇਸਨੂੰ ਦੇਖਦੇ ਹੋਏ ਸਪੀਕਰ ਨੇ ਗ੍ਰਹਿ ਸਕੱਤਰ ਨੂੰ ਚਿੱਠੀ ਭੇਜਕ ਆਗਾਮੀ ਚਾਰ ਪੰਜ ਦਿਨਾਂ ਵਿਚ ਵੱਖ ਵੱਖ ਵਿਭਾਗਾਂ ਵਿਚ ਬੈਠੀਆਂ ਕਾਲੀਆਂ ਭੇਡਾਂ (ਭ੍ਰਿਸ਼ਟ ਅਫ਼ਸਰਾਂ) ਬਾਰੇ ਰਿਪੋਰਟ ਭੇਜਣ ਲਈ ਕਿਹਾ ਹੈ।
ਸਪੀਕਰ ਨੇ ਮੰਗਲਵਾਰ ਨੂੰ ਡੀਜੀਪੀ ਗੌਰਵ ਯਾਦਵ ਨੂੰ ਰਿਪੋਰਟ ਦੇਣ ਲਈ ਬੁਲਾਇਆ ਸੀ। ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੇ ਡੀਜੀਪੀ ਨੂੰ ਨਾ ਆਉਣ ਲਈ ਕਿਹਾ ਸੀ। ਸੰਧਵਾਂ ਨੇ ਦੱਸਿਆ ਕਿ “ਡੀਜੀਪੀ ਚੈਂਬਰ ਵਿੱਚ ਆ ਕੇ ਮੈਨੂੰ ਰਿਪੋਰਟ ਸੌਂਪਣਾ ਚਾਹੁੰਦੇ ਸਨ ਪਰ ਸੈਸ਼ਨ ਹੋਣ ਕਾਰਨ ਉਹਨਾਂ ਦਾ ਰੁਝੇਵਾਂ ਸੀ, ਜਿਸ ਕਰਕੇ ਉਨ੍ਹਾਂ ਨੇ ਡੀਜੀਪੀ ਨੂੰ ਮਨਾ ਕਰ ਦਿੱਤਾ ਸੀ। ਇਸ ਤਰਾਂ ਹੁਣ ਪੁਲਿਸ, ਟਰਾਂਸਪੋਰਟ, ਸਿਹਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਰਿਪੋਰਟਾਂ ਮੰਗੀਆਂ ਹਨ। ਜਿਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪਿਛਲੇ ਦੋ ਦਿਨਾਂ ਵਿਚ ਸਦਨ ਵਿਚ ਹੁਕਮਰਾਨ ਤੇ ਵਿਰੋਧੀ ਧਿਰ ਨੇ ਸੂਬੇ ਵਿਚ ਰਿਸ਼ਵਤ ਤੇ ਮਾਫ਼ੀਆ ਰਾਜ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ।