ਚੰਡੀਗੜ੍ਹ, 19 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸ਼ੁੱਕਰਵਾਰ ਨੂੰ ਅਚਾਨਕ ਪਏ ਮੀਂਹ ਨਾਲ ਭਾਵੇਂ ਸ਼ਹਿਰੀਆਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੋਵੇਗੀ ਪਰ ਦਿਹਾਤੀ ਖ਼ੇਤਰ ਖਾਸਕਰਕੇ ਕਿਰਤੀ, ਕਿਸਾਨਾਂ ਦੇ ਦਿਲ ਦਾ ਮੀਂਹ ਰੁੱਗ ਭਰਕੇ ਲੈ ਗਿਆ। ਵਿਸਾਖ ਮਹੀਨੇ ਜਦ ਕਣਕ ਦੀ ਵਾਢੀ ਸਿਖ਼ਰ ਉੱਤੇ ਹੋਵੇ, ਕਿਸਾਨ ਲਈ ਤੂੜੀ, ਤੰਦ ਸਾਂਭਣ ਤੇ ਫਸਲ ਵੇਚਣ ਦਾ ਵੇਲਾ ਹੋਵੇ ਤਾਂ ਅਚਾਨਕ ਗੜਿਆ ਦੀ ਬਰਸਾਤ ਹੋ ਜਾਵੇ ਤਾਂ ਕਾਲਜਾ ਰੁੱਗ ਭਰਕੇ ਨਿਕਲ ਜਾਂਦਾ ਹੈ ਤਾਂ ਹੀ ਤਾਂ ਸੁਖਵਿੰਦਰ ਅੰਮ੍ਰਿਤ ਨੇ ਲਿਖਿਆ ਹੈ ਕਿ —
ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ
ਰੁੱਤ ਬੇਈਮਾਨ ਹੋ ਗਈ
ਮਸਾਂ ਮਸਾਂ ਹੋਈ ਏਂ ਤੂੰ ਸਾਵੀ ਤੋਂ ਸੁਨਹਿਰੀ ਨੀ
ਵੇਖਣੇ ਨੂੰ ਮੂੰਹ ਤੇਰਾ ਤਰਸੇ ਨੇ ਸ਼ਹਿਰੀ ਨੀ
ਮੰਡੀਆਂ ਤੋਂ ਨਿੱਤ ਪੁੱਛਦੇ
ਕਦੋਂ ਆਉਣਗੇ ਸੋਨੇ ਦੇ ਮਣਕੇ
ਰੁੱਤ ਬੇਈਮਾਨ ਹੋ ਗਈ…
ਕਈ ਥਾਵਾਂ ’ਤੇ ਚੱਲੀ ਤੇਜ਼ ਹਵਾਂ, ਝੱਖੜ ਨੇ ਖੇਤਾਂ ਵਿਚ ਲਹਿਰਾਉਂਦੀ ਸੋਨੇ ਰੰਗੀ ਫਸਲ ਡੇਗ ਦਿੱਤੀ ਹੈ, ਗੜੇਮਾਰੀ ਨੇ ਕਣਕ ਦੀਆਂ ਬੱਲੀਆਂ ਹੀ ਨਹੀਂ ਤੋੜ੍ਹੀਆਂ,ਕਿਸਾਨਾਂ ਦੀਆਂ ਉਮੀਦਾਂ ਤੋੜ੍ਹ ਦਿੱਤੀਆਂ ਹਨ। ਖੇਤਾਂ ਵਿਚ ਖੜ੍ਹੀ ਕਿਸਾਨਾਂ ਦੀ ਫਸਲ ਹੀ ਬਰਬਾਦ ਨਹੀਂ ਹੋਈ ਮੰਡੀਆਂ ਵਿਚ ਖੱਲ੍ਹੇ ਅਸਮਾਨ ਹੇਠਾਂ ਪਈ ਕਣਕ ਵੀ ਭਿੱਜ ਗਈ।
ਅੱਜ ਬਾਅਦ ਦੁਪਹਿਰ ਅਚਾਨਕ ਮੌਸਮ ਵਿਗੜ ਗਿਆ। ਚੰਡੀਗੜ੍ਹ, ਗੁਰਦਾਸਪੁਰ, ਰੂਪਨਗਰ, ਮੋਹਾਲੀ, ਨਵਾਂਸ਼ਹਿਰ, ਪਟਿਆਲਾ, ਸ਼੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ , ਫਾਜੀਲਿਕਾ ਸਮੇਤ ਕਈ ਜ਼ਿਲਿਆਂ ਵਿਚ ਤੇਜ਼ ਹਨੇਰੀ ਚੱਲਣ, ਮੀਂਹ ਪੈਣ ਤੇ ਗੜ੍ਹੇਮਾਰੀ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਦੋਦਾ ਦੇ ਪਿੰਡ ਕੋਠੇ ਅਮਨਗੜ੍ਹ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਕਿਸਾਨ ਗਮਦੂਰ ਸਿੰਘ ਦੀ ਕਰੀਬ ਡੇਢ ਏਕੜ ਫਸਲ ਤਬਾਹ ਹੋ ਗਈ।
ਮਹਿਮਦਪੁਰ ਦੇ ਕਿਸਾਨ ਰਤਨ ਸਿੰਘ ਨੇ ਮੰਡੀਆਂ ਵਿਚ ਖ੍ਰੀਦ ਪ੍ਰਬੰਧਾਂ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਣਕ ਨੂੰ ਢੱਕਣ ਲਈ ਕੋਈ ਪ੍ਰਬੰਧ ਨਹੀ ਹੈ। ਬਹੁਤ ਸਾਰੀਆਂ ਮੰਡੀਆਂ ਵਿਚ ਕਣਕ ਖੁੱਲ੍ਹੇ ਅਸਮਾਨ ਹੇਠਾਂ ਪਈ ਰਹੀ। ਇਸੀ ਤਰ੍ਹਾਂ ਕਿਸਾਨ ਨੇਤਾ ਜਗਮੋਹਨ ਸਿੰਘ,ਕਿਸਾਨ ਰਣਦੀਪ ਸਿੰਘ ਦਾ ਕਹਿਣਾ ਹੈ ਕਿ ਅਚਾਨਕ ਹੋਈ ਵਰਖਾ ਤੇ ਗੜੇਮਾਰੀ ਨੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ। ਕਿਸਾਨ ਅਮਰਪਾਲ ਸਿੰਘ ਬੈਂਸ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਦਾ ਕਹਿਣਾ ਹੈ ਤੇਜ਼ ਵਰਖਾ ਨਾਲ ਕਣਕ ਦੀਆਂ ਬੱਲੀਆਂ ਟੁੱਟ ਗਈਆਂ।
ਅਕਾਲੀ ਆਗੂ ਐੱਨ.ਕੇ ਸ਼ਰਮਾ ਨੇ ਕਿਹਾ ਕਿ ਮੌਸਮ ਵਿਭਾਗ ਨੇ ਮੌਸਮ ਖਰਾਬ ਹੋਣ ਦਾ ਪਹਿਲਾਂ ਯੈਲੋ ਅਲਰਟ ਕੀਤਾ ਸੀ, ਇਸਦੇ ਬਾਵਜੂਦ ਸਰਕਾਰ ਨੇ ਮੰਡੀਆਂ ਵਿਚ ਕਣਕ ਸੰਭਾਲਣ ਲਈ ਕੋਈ ਪੁਖਤਾ ਪ੍ਰਬੰਧ ਨਹੀ ਕੀਤੇ। ਸ਼ਰਮਾ ਨੇ ਕਿਹਾ ਕਿ ਮੌਸਮ ਵਿਭਾਗ ਪੰਜਾਬ ਵੱਲੋਂ ਜਾਰੀ ਯੈਲੋ ਅਲਰਟ ਦੇ ਮੱਦੇਨਜ਼ਰ ਬਾਰਦਾਨੇ, ਤਰਪਾਲਾਂ ਅਤੇ ਲਿਫਟਿੰਗ ਦੇ ਦੇ ਪ੍ਰਬੰਧ ਨਹੀ ਕੀਤੇ ਗਏ। ਸ਼ਰਮਾ ਨੇ ਕਿਹਾ ਕਿ ਮੌਜੂਦਾ ਹਾਲਾਤ ‘ਚ ਕਿਸਾਨਾਂ ਦੀ ਪ੍ਰਵਾਹ ਨਾ ਕਰਕੇ ‘ਆਪ’ ਸਰਕਾਰ ਨੇ ਆਪਣੇ ਕਿਸਾਨ ਵਿਰੋਧੀ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਹੈ।