ਚੰਡੀਗੜ੍ਹ 29 ਅਗਸਤ (ਖ਼ਬਰ ਖਾਸ ਬਿਊਰੋ)
ਕੰਗਣਾ ਰਨੌਤ ਦੇ ਖਿਲਾਫ਼ ਵਿਵਾਦਤ ਬਿਆਨ ਦੇਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਬੁਰੇ ਫਸ ਗਏ ਹਨ।
ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਕੰਗਣਾ ਰਨੌਤ ਖਿਲਾਫ਼ ਗਲਤ ਤੇ ਇਤਰਾਜਯੋਗ ਭਾਸ਼ਾ ਵਰਤਣ ਉਤੇ ਕਾਨੂੰਨੀ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਮਾਨ ਨੂੰ ਪੰਜ ਦਿਨਾਂ ਦੇ ਅੰਦਰ- ਅੰਦਰ ਜਨਤਕ ਤੌਰ ਉਤੇ ਮਾਫੀ ਮੰਗਣ ਦੀ ਗੱਲ ਕਹੀ ਹੈ। ਕਮਿਸ਼ਨ ਦੀ ਚੇਅਰਪਰਸਨ ਨੇ ਸਿਮਰਨਜੀਤ ਸਿੰਘ ਮਾਨ ਨੂੰ ਭੇਜੇ ਨੋਟਿਸ ਵਿੱਚ ਕਿਹਾ ਹੈ ਕਿ ਉਹਨਾਂ ਨੇ ਕਰਨਾਲ ਵਿਖੇ ਆਜੋਜਿਤ ਪ੍ਰੈਸ ਕਾਨਫਰੰਸ ਦੌਰਾਨ ਕੰਗਣਾ ਰਨੌਤ ਦੇ ਖਿਲਾਫ ਅਪਮਾਨ ਜਨਕ ਭਾਸ਼ਾ ਵਰਰਤੀ ਹੈ, ਜੋ ਕਿ ਇੱਕ ਮਹਿਲਾ ਦੇ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨਾਂ (ਮਾਨ) ਵਲੋਂ ਕੰਗਣਾ ਰਨੌਤ ਖਿਲਾਫ਼ ਕੀਤੀ ਗਈ ਟਿੱਪਣੀ ਵੱਖ-ਵੱਖ ਚੈਨਲਾਂ ਅਤੇ ਸੋਸ਼ਲ ਮੀਡੀਆਂ ਉਤੇ ਖੂਬ ਵਾਇਰਲ ਹੋ ਰਹੀ ਹੈ। ਕਮਿਸ਼ਨ ਨੇ ਮਾਨ ਨੂੰ ਪੰਜ ਦਿਨਾਂ ਦੇ ਅੰਦਰ ਅੰਦਰ ਜਨਤਕ ਤੌਰ ਉਤੇ ਮਾਫ਼ੀ ਮੰਗਕੇ ਉਸਦੀ ਜਾਣਕਾਰੀ ਕਮਿਸ਼ਨ ਨੂੰ ਭੇਜਣ ਲਈ ਨੋਟਿਸ ਜਾਰੀ ਕੀਤਾ ਹੈ।
ਵਰਨਣਯੋਗ ਹੈ ਕਿ ਇਕ ਪੱਤਰਕਾਰ ਨੇ ਸਿਮਨਰਜੀਤ ਸਿੰਘ ਮਾਨ ਨੂੰ ਸਵਾਲ ਕੀਤਾ ਸੀ ਕਿ ਕੰਗਣਾ ਰਨੌਤ ਕਿਸਾਨਾਂ ਖਿਲਾਫ਼ ਗਲਤ ਬਿਆਨਬਾਜੀ ਕਰ ਰਹੀ ਹੈ ਕਿ ਕਿਸਾਨਾਂ ਨੇ ਦਿੱਲੀ ਮੋਰਚੇ ਦੌਰਾਨ ਬਲਾਤਕਾਰ ਕੀਤੇ ਸਨ। ਇਸਦੇ ਜਵਾਬ ਵਿਚ ਮਾਨ ਨੇ ਸਖ਼ਤ ਟਿੱਪਣੀ ਕੀਤੀ ਸੀ।