ਸੀਵਾਈਐਸਐਸ ਨੇ ਪੀਯੂ ਚੋਣਾਂ ਲਈ ਪ੍ਰਿੰਸ ਚੌਧਰੀ ਨੂੰ ਪ੍ਰਧਾਨਗੀ ਉਮੀਦਵਾਰ ਵਜੋਂ ਐਲਾਨਿਆ

ਚੰਡੀਗੜ੍ਹ, 28 ਅਗਸਤ (ਖ਼ਬਰ ਖਾਸ ਬਿਊਰੋ)

ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ, ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਨੇ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ (ਪੀਯੂ) ਦੀਆਂ ਆਉਣ ਵਾਲੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਆਪਣੇ ਪ੍ਰਧਾਨਗੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਪ੍ਰਿੰਸ ਚੌਧਰੀ ਨੂੰ ਸੀਵਾਈਐਸਐਸ ਦੇ ਪ੍ਰਧਾਨਗੀ ਉਮੀਦਵਾਰ ਵਜੋਂ ਐਲਾਨਿਆ ਹੈ। ਪਾਰਟੀ ਨੇ ਇਸ ਵਾਰ ਸਿਰਫ਼ ਪ੍ਰਧਾਨ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰਨ ਦਾ ਫੈਸਲਾ ਕੀਤਾ ਹੈ।

ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਯੂਥ ਆਗੂ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ 2022 ਵਿੱਚ ‘ਆਪ’ ਨੇ ਪਹਿਲੀ ਵਾਰ ਪੀਯੂ ਵਿਦਿਆਰਥੀ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਵਿਦਿਆਰਥੀ ਜਥੇਬੰਦੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋ ਨਵੇਂ ਹੋਸਟਲ ਮਨਜ਼ੂਰ ਕਰਵਾਏ ਹਨ ਅਤੇ ਪੰਜਾਬ ਸਰਕਾਰ ਨੇ ਇਨ੍ਹਾਂ ਦੀ ਉਸਾਰੀ ਲਈ ਗਰਾਂਟ ਵੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ ਧਿਰ ਨੇ ਵਿਦਿਆਰਥੀਆਂ ਲਈ ਇਸ ਦੇ ਨੇੜੇ-ਤੇੜੇ ਵੀ ਕੁਝ ਨਹੀਂ ਕੀਤਾ।

ਹੋਰ ਪੜ੍ਹੋ 👉  21ਵਾਂ ਗੁਰਸ਼ਰਨ ਸਿੰਘ ਨਾਟ ਉਤਸਵ-ਚੌਥਾ ਦਿਨ,ਗੁਰਸ਼ਰਨ ਸਿੰਘ ਦੇ ਰੰਗ’ ਨੇ ਉਠਾਏ ਸਿਆਸੀ-ਸਮਾਜੀ ਸਵਾਲ

ਮੀਡੀਆ ਨੂੰ ਸੰਬੋਧਨ ਕਰਦਿਆਂ ਸੀਵਾਈਐਸਐਸ ਇੰਚਾਰਜ ਮਨਜਿੰਦਰ ਲਾਲਪੁਰਾ ਨੇ ਸੀਵਾਈਐਸਐਸ ਦੇ ਪ੍ਰਧਾਨਗੀ ਉਮੀਦਵਾਰ ਵਜੋਂ ਪ੍ਰਿੰਸ ਚੌਧਰੀ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ ਕਿ ਉਸ ਦੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਚੰਗੀ ਪੈਠ ਹੈ। ਲਾਲਪੁਰਾ ਨੇ ਭਰੋਸਾ ਪ੍ਰਗਟਾਇਆ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ।

ਮੀਡੀਆ ਨੂੰ ਸੰਬੋਧਨ ਕਰਦਿਆਂ ਸੀਵਾਈਐਸਐਸ ਦੇ ਉਮੀਦਵਾਰ ਪ੍ਰਿੰਸ ਚੌਧਰੀ ਨੇ ਕਿਹਾ ਕਿ ਉਨ੍ਹਾਂ (ਸੀਵਾਈਐਸਐਸ) ਦਾ ਮੁੱਖ ਏਜੰਡਾ ਸਟੂਡੈਂਟ ਵੈੱਲਫੇਅਰ ਹੈ ਅਤੇ ਜਲਦੀ ਹੀ ਉਹ ਆਪਣਾ ਮੈਨੀਫੈਸਟੋ ਵੀ ਜਾਰੀ ਕਰਨਗੇ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਯੂਨੀਵਰਸਿਟੀ ਦੇ ਮੁੱਦਿਆਂ ਤੋਂ ਜਾਣੂ ਹੋ ਸਕਣ ਅਤੇ ਉਹ ਸਮਝ ਸਕਣ ਕਿ ਪਾਰਟੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਕੀ ਕਰੇਗੀ।

ਹੋਰ ਪੜ੍ਹੋ 👉  ਸਰਕਾਰ ਦਾ ਦਾਅਵਾ,ਸਾਲ 2024 ਵਿੱਚ ਸਿੱਖਿਆ ਵਿਭਾਗ ਨੇ ਛੂਹਿਆਂ ਨਵੀਆਂ ਉਚਾਈਆਂ ਨੂੰ

ਇਸ ਮੌਕੇ ਜੌਨੀ, ਮਨਜੋਤ ਪੱਡਾ, ਇੰਦਰਜੀਤ ਮਾਨ, ਸੁੱਖੀ, ਮਨਕੀਰਤ, ਤਰੁਣ, ਵੀਰਜੋਤ, ਤੁੰਬੀ, ਦਿਵਿਆਂਸ਼ ਠਾਕੁਰ, ਮਹਿਕ ਗਿੱਲ, ਨਿੱਝਰ, ਗੁਰਜੋਤ ਅਤੇ ਜਸ਼ਨ ਕੰਬੋਜ ਸਮੇਤ ‘ਆਪ’ ਦੇ ਯੂਥ ਅਤੇ ਵਿਦਿਆਰਥੀ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *