ਚੰਡੀਗੜ੍ਹ 27 ਅਗਸਤ, (ਖ਼ਬਰ ਖਾਸ ਬਿਊਰੋ)
ਹਾਲਾਂਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਨੇ ਆਪਣੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੀ ਸਿਲਸਿਲੇ ਵਜੋਂ ਆਮ ਆਦਮੀ ਪਾਰਟੀ ਦੇ ਸਕੱਤਰ ਜਨਰਲ (ਸੰਗਠਨ) ਡਾ ਸੰਦੀਪ ਪਾਠਕ, ਮੈਂਬਰ ਰਾਜ ਸਭਾ ਨੇ ਮੰਗਲਵਾਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ਼, ਉਪ ਇੰਚਾਰਜ਼ ਤੇ ਹੋਰ ਆਗੂਆਂ ਦੀ ਮੀਟਿੰਗ ਬੁਲਾਈ ਹੈ।
ਪਤਾ ਲੱਗਿਆ ਹੈ ਕਿ ਡਾ ਪਾਠਕ ਇਹਨਾਂ ਆਗੂਆਂ ਨਾਲ ਦੁਪਹਿਰ ਇਕ ਵਜੇ ਮਿਉਂਸਪਲ ਭਵਨ ਸੈਕਟਰ 35, ਵਿਖੇ ਮੀਟਿੰਗ ਕਰਨਗੇ। ਆਪ ਨੇ ਪਿਛਲੇ ਦਿਨ ਚਾਰ ਵਿਧਾਨ ਸਭਾ ਹਲਕਿਆਂ ਜਿਥੇ ਜ਼ਿਮਨੀ ਚੋਣਾਂ ਹੋਣੀਆਂ ਹਨ, ਦੇ ਇੰਚਾਰਜ਼ ਤੇ ਉਪ ਇੰਚਾਰਜ਼ ਲਗਾਏ ਸਨ। ਬਰਨਾਲਾ ਵਿਧਾਨ ਸਭਾ ਹਲਕੇ ਦਾ ਇੰਚਾਰਜ਼ ਗੁਰਮੀਤ ਸਿੰਘ ਮੀਤ ਹੇਅਰ ਨੂੰ ਲਗਾਇਆ ਗਿਆ ਹੈ, ਇਹ ਸੀਟ ਮੀਤ ਹੇਅਰ ਦੇ ਲੋਕ ਸਭਾ ਮੈਂਬਰ ਬਣਨ ਕਾਰਨ ਖਾਲੀ ਹੋਈ ਹੈ। ਇਸੀ ਤਰਾਂ ਗਿੱਦੜਬਾਹਾ ਹਲਕੇ ਦਾ ਇੰਚਾਰਜ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਲਾਇਆ ਹੈ। ਡੇਰਾ ਬਾਬਾ ਨਾਨਕ ਦਾ ਇੰਚਾਰਜ਼ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਉਪ ਇੰਚਾਰਜ਼ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਨੂੰ ਲਾਇਆ ਹੋਇਆ ਹੈ, ਜਦਕਿ ਚੱਬੇਵਾਲ ਦਾ ਇੰਚਾਰਜ਼ ਡਾ ਰਾਜ ਕੁਮਾਰ ਚੱਬੇਵਾਲ ਨੂੰ ਲਾਇਆ ਹੈ।
ਇਥੇ ਦੱਸਿਆ ਜਾਂਦਾ ਹੈ ਕਿ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾਨਾਨਕ ਤੇ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣੀ ਹੈ। ਪਹਿਲਾਂ ਕਿਆਸਰਾਈਆਂ ਲਾਈਆ ਜਾ ਰਹੀਆ ਸਨ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਇਹ ਚੋਣਾਂ ਹੋਣੀਆਂ ਸਨ, ਪਰ ਹੁਣ ਨਵੰਬਰ ਜਾਂ ਦਸੰਬਰ ਵਿਚ ਚੋਣਾਂ ਹੋਣ ਦੀ ਉਮੀਦ ਹੈ। ਦਸੰਬਰ ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਹਨ।
ਜਾਣਕਾਰੀ ਅਨੁਸਾਰ ਡਾ ਸੰਦੀਪ ਪਾਠਕ ਜਿਮਨੀ ਚੋਣਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਕੁੱਝ ਵਿਧਾਇਕਾਂ, ਬਲਾਕ ਇੰਚਾਰਜ ਤੇ ਬਲਾਕ ਉਪ ਇੰਚਾਰਜ਼ ਤੇ ਵਲੰਟੀਅਰ ਨਾਲ ਮੀਟਿੰਗ ਕਰਨਗੇ। ਇਥੇ ਦੱਸਿਆ ਜਾਂਦਾ ਹੈ ਕਿ ਆਪ ਨੇ ਪਹਿਲਾਂ ਹੀ ਪੰਜਾਬ ਦੇ ਬਹੁਤ ਸਾਰੇ ਆਗੂਆਂ ਦੀ ਚੋਣ ਪ੍ਰਚਾਰ ਲਈ ਹਰਿਆਣਾ ਵਿਚ ਡਿਊਟੀ ਲਗਾਈ ਹੋਈ ਹੈ।