ਨਵੀਂ ਦਿੱਲੀ, 26 ਅਗਸਤ (ਖ਼ਬਰ ਖਾਸ ਬਿਊਰੋ)
ਭਾਜਪਾ ਨੇ ਕਿਸਾਨ ਅੰਦੋਲਨ ਬਾਰੇ ਮੰਡੀ ਦੀ ਸੰਸਦ ਕੰਗਨਾ ਰਣੌਤ ਦੇ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਉਸ ਨੂੰ ਭਵਿੱਖ ਵਿੱਚ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ।ਪਾਰਟੀ ਨੇ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਇ ਨਹੀਂ ਹੈ। ਭਾਰਤੀ ਜਨਤਾ ਪਾਰਟੀ ਕੰਗਨਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟ ਕਰਦੀ ਹੈ।
ਫਿਲਮੀ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਲੰਘੇ ਦਿਨ ਕਿਸਾਨਾਂ ਦਿੱਤੇ ਬਿਆਨ ਤੋਂ ਭਾਜਪਾ ਦੇ ਕੇਂਦਰੀ ਲਿਡਰਸ਼ਿਪ ਨੇ ਪਾਸਾ ਵੱਟ ਲਿਆ ਹੈ। ਇਸ ਸਬੰਧੀ ਭਾਜਪਾ ਦੇ ਕੌਮੀ ਬੁਲਾਰੇ ਨੇ ਕਿਹਾ ਕਿ ਕੰਗਨਾ ਰਣੌਤ ਦੇ ਬਿਆਨ ਨਾਲ ਭਾਜਪਾ ਦਾ ਕੋਈ ਸਬੰਧ ਨਹੀਂ ਹੈ। ਪਾਰਟੀ ਕੰਗਨਾ ਦੇ ਬਿਆਨ ਨਾਲ ਸਹਿਮਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕੋਈ ਸਟੇਟਮੈਂਟ ਦੇਣ ਲਈ ਕੰਗਨਾ ਰਣੌਤ ਕੋਲ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਕੰਗਨਾ ਰਣੌਤ ਨੂੰ ਭਵਿੱਖ ਵਿੱਚ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਵਿਸ਼ਵਾਸ਼ ਦੇ ਸਿਧਾਂਤ ’ਤੇ ਚੱਲਣ ਵਾਲੀ ਪਾਰਟੀ ਹੈ।
ਦੱਸਣਯੋਗ ਹੈ ਕਿ ਕੰਗਨਾ ਰਣੌਤ ਨੇ ਇਕ ਅਖ਼ਬਾਰ ਨੂੰ ਇੰਟਰਵਿਊ ਦਿੰਦਿਆ ਹੋਇਆ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਜਬਰ-ਜਨਾਹ ਤੇ ਕਤਲ ਹੋਏ ਸਨ। ਇਸ ਦੇ ਪਿਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀ ਕਿ ਜੇਕਰ ਉਸ ਸਮੇਂ ਭਾਜਪਾ ਦੀ ਸਰਕਾਰ ਸਹੀ ਸਮੇਂ ਸਿਰ ਫੈਸਲਾ ਨਾ ਲੈਂਦੀ ਤਾਂ ਪੰਜਾਬ ਵਿੱਚ ਵੀ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣੇ ਸਨ। ਕੰਗਨਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ, ਹਰਿਆਣਾ ਸਣੇ ਦੇਸ਼ ਭਰ ਵਿੱਚ ਵਿਵਾਦ ਖਡ਼ਾ ਹੋ ਗਿਆ ਸੀ।